ਲੁਧਿਆਣਾ – 22 ਅਕਤੂਬਰ, 2026 (ਛੱਤਰਪਾਲ ਸਿੰਘ): ਮੈਨੀਟੋਬਾ (ਕੈਨੇਡਾ) ਸਰਕਾਰ ਦੇ ਤਿੰਨ ਮੈਂਬਰੀ ਵਫ਼ਦ ਨੇ ਅਧਿਆਪਨ ਅਤੇ ਖੋਜ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਇਸ ਵਫ਼ਦ ਦੀ ਅਗਵਾਈ ਮੈਨੀਟੋਬਾ ਦੇ ‘ਪਬਲਿਕ ਸਰਵਿਸ ਡਿਲੀਵਰੀ’ ਜਨਤਕ ਸੇਵਾ ਪ੍ਰਦਾਨ ਕਰਨ ਵਾਲੇ ਵਿਭਾਗ ਦੇ ਮੰਤਰੀ ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੀਟੋਬਾ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਡਾਇਰੈਕਟਰ ਸ੍ਰੀ ਸੀਨ ਹੋਗਨ ਵੀ ਮੌਜੂਦ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਉੱਚ-ਪੱਧਰੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਡਾ. ਸਵਰਨ ਸਿੰਘ ਰੰਧਾਵਾ, ਖੋਜ ਨਿਰਦੇਸ਼ਕ ਨੇ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਈ ਕੈਨੇਡੀਅਨ ਯੂਨੀਵਰਸਿਟੀਆਂ, ਜਿਵੇਂ ਕਿ ਯੂਨੀਵਰਸਿਟੀ ਆਫ਼ ਸਸਕੈਚਵਨ, ਕੈਲਗਰੀ, ਮੈਕਗਿਲ ਅਤੇ ਗਲੇਫ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਚੱਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਦੇ 2000 ਤੋਂ ਵੱਧ ਸਾਬਕਾ ਵਿਦਿਆਰਥੀ ਉੱਤਰੀ ਅਮਰੀਕਾ ਵਿੱਚ ਵੈਟਨਰੀ ਡਾਕਟਰਾਂ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਸ੍ਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੈਨੀਟੋਬਾ ਸਰਕਾਰ ਪਸ਼ੂ ਸਿਹਤ ਅਤੇ ਭਲਾਈ, ਜਨਤਕ ਸਿਹਤ, ਖੇਤੀਬਾੜੀ ਉਤਪਾਦਕਤਾ ਅਤੇ ਆਰਥਿਕ ਵਿਕਾਸ ਵਿੱਚ ਵੈਟਨਰੀ ਡਾਕਟਰਾਂ ਦੁਆਰਾ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉੱਥੇ ਵੈਟਨਰੀ ਪੇਸ਼ੇਵਰਾਂ ਦੀ ਪੇਂਡੂ, ਉੱਤਰੀ ਅਤੇ ਖੇਤੀਬਾੜੀ ਭਾਈਚਾਰਿਆਂ ਵਿੱਚ ਲਗਾਤਾਰ ਮੰਗ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਮੈਨੀਟੋਬਾ ਸਰਕਾਰ ਕਰਮਚਾਰੀਆਂ ਦੇ ਵਿਕਾਸ, ਸਿੱਖਿਆ, ਸਿਖਲਾਈ ਅਤੇ ਭਰਤੀ ਲਈ ਨਵੀਨਕਾਰੀ ਤਰੀਕੇ ਲੱਭਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਵੈਟਨਰੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਕਈ ਵਿਦਿਆਰਥੀ ਮੈਨੀਟੋਬਾ ਵਿਖੇ ਕਾਰਜਸ਼ੀਲ ਹਨ ।
ਡਾ. ਗਿੱਲ ਨੇ ਕਿਹਾ ਕਿ ਮੈਨੀਟੋਬਾ ਅਤੇ ਯੂਨੀਵਰਸਿਟੀ ਵੈਟਨਰੀ ਸਿੱਖਿਆ, ਪੇਸ਼ੇਵਰ ਵਿਕਾਸ, ਖੋਜ ਸਹਿਯੋਗ, ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ, ਅਤੇ ਵੈਟਨਰੀ ਵਿਗਿਆਨ ਵਿੱਚ ਅੰਤਰਰਾਸ਼ਟਰੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਸਾਂਝੀ ਦਿਲਚਸਪੀ ਰੱਖਦੇ ਹਨ।
ਦੌਰੇ ਦੌਰਾਨ, ਵਫ਼ਦ ਨੇ ਮਲਟੀ-ਸਪੈਸ਼ਲਿਟੀ ਵੈਟਨਰੀ ਹਸਪਤਾਲ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਅਧਿਆਪਕਾਂ , ਉੱਤਰੀ ਅਮਰੀਕਾ ਦੇ ਐਨ. ਆਰ. ਆਈ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵਿੱਚ ਉਪਲਬਧ ਨਿਰੀਖਣ ਅਤੇ ਇਲਾਜ ਸਹੂਲਤਾਂ ਬਾਰੇ ਜਾਣਕਾਰੀ ਲਈ ।
