ਨਾਭਾ, 17 ਜੁਲਾਈ, 2026 (ਦੀਪਕ ਦੱਤਾ): ਮਾਰਚ 2025 ਵਿੱਚ ਨਾਭਾ ਦੇ ਪਿੰਡ ਮੰਡੌਰ ਵਿਖੇ ਹੋਏ ਚਰਚਿਤ ਪੁਲੀਸ ਮੁਕਾਬਲੇ (ਐਨਕਾਊਂਟਰ) ਦੌਰਾਨ ਮਾਰੇ ਗਏ ਕਥਿਤ ਬੱਚਾ ਅਗਵਾਕਾਰ ਜਸਪ੍ਰੀਤ ਸਿੰਘ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਮ੍ਰਿਤਕ ਦੇ ਮਾਪਿਆਂ ਵੱਲੋਂ ਇਸ ਐਨਕਾਊਂਟਰ ਦੀ ਸੀ.ਬੀ.ਆਈ. (CBI) ਪੜਤਾਲ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਅਚਾਨਕ ਵਾਪਸ ਲੈ ਲਈ ਗਈ ਹੈ। ਮਾਨਯੋਗ ਅਦਾਲਤ ਨੇ ਮਾਤਾ-ਪਿਤਾ ਵੱਲੋਂ ਦਿੱਤੇ ਹਲਫ਼ੀਆ ਬਿਆਨਾਂ ਦੇ ਆਧਾਰ ’ਤੇ ਇਸ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਆਪਣਾ ਫ਼ੈਸਲਾ ਸੁਣਾਇਆ ਹੈ।
ਹਲਫ਼ੀਆ ਬਿਆਨਾਂ ਦੇ ਆਧਾਰ ‘ਤੇ ਅਦਾਲਤ ਦਾ ਫ਼ੈਸਲਾ
ਹਾਈਕੋਰਟ ਦੇ ਫ਼ੈਸਲੇ ਮੁਤਾਬਕ, ਪਟੀਸ਼ਨਰ ਪੱਖ ਦੇ ਵਕੀਲ ਨੇ ਅਦਾਲਤ ਵਿੱਚ ਮ੍ਰਿਤਕ ਜਸਪ੍ਰੀਤ ਸਿੰਘ ਦੀ ਮਾਤਾ ਬਲਜੀਤ ਕੌਰ ਅਤੇ ਪਿਤਾ ਲਖਵਿੰਦਰ ਸਿੰਘ ਦੇ ਹਲਫ਼ੀਆ ਬਿਆਨ ਪੇਸ਼ ਕੀਤੇ। ਇਹਨਾਂ ਬਿਆਨਾਂ ਵਿੱਚ ਮਾਪਿਆਂ ਨੇ ਕੇਸ ਅੱਗੇ ਨਾ ਵਧਾਉਣ ਅਤੇ ਪਟੀਸ਼ਨ ਵਾਪਸ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਬੰਦ ਕਰ ਦਿੱਤੀ। ਜਦੋਂ ਇਸ ਸਬੰਧੀ ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਡਾਕਟਰ ਕੋਲ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਸੰਵੇਦਨਸ਼ੀਲ ਮੁੱਦੇ ’ਤੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਕੀ ਸੀ ਪੂਰਾ ਮਾਮਲਾ ਅਤੇ ਪੁਲਿਸ ਦਾ ਦਾਅਵਾ?
ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. (FIR) ਮੁਤਾਬਕ, 13 ਮਾਰਚ 2025 ਨੂੰ 22 ਸਾਲਾ NRI ਜਸਪ੍ਰੀਤ ਸਿੰਘ ਖੰਨਾ ਤੋਂ ਇੱਕ ਬੱਚਾ ਅਗਵਾ ਕਰਕੇ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਵਿੱਚ ਭੱਜ ਰਿਹਾ ਸੀ। ਜਦੋਂ ਪੁਲਿਸ ਟੀਮ ਨੇ ਪਿੰਡ ਮੰਡੌਰ ਦੇ ਨੇੜੇ ਉਸ ਦਾ ਪਿੱਛਾ ਕੀਤਾ ਤਾਂ ਜਸਪ੍ਰੀਤ ਨੇ ਪੁਲਿਸ ਪਾਰਟੀ ‘ਤੇ ਸਿੱਧੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਉਨ੍ਹਾਂ ਨੇ ਸਵੈ-ਰੱਖਿਆ (Self-Defense) ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ।
ਪਰਿਵਾਰ ਨੇ ਲਾਏ ਸਨ ਝੂਠੇ ਐਨਕਾਊਂਟਰ ਦੇ ਦੋਸ਼
ਦੂਜੇ ਪਾਸੇ, ਜਸਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਅਪਰੈਲ 2025 ਵਿੱਚ ਹਾਈਕੋਰਟ ਦਾ ਬੂਹਾ ਖੜਕਾਉਂਦਿਆਂ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਹ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਝੂਠਾ ਮੁਕਾਬਲਾ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜਸਪ੍ਰੀਤ ਨੂੰ ਬੇਹੱਦ ਨਜ਼ਦੀਕ ਤੋਂ ਕਈ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਮੌਕੇ ਦੇ ਪ੍ਰਤੱਖਦਰਸ਼ੀ ਗਵਾਹਾਂ ਅਨੁਸਾਰ ਜਸਪ੍ਰੀਤ ਨੇ ਗੋਲੀ ਚੱਲਣ ਤੋਂ ਪਹਿਲਾਂ ਹੀ ਪੁਲਿਸ ਅੱਗੇ ਆਤਮ-ਸਮਰਪਣ (ਸਰੈਂਡਰ) ਕਰ ਦਿੱਤਾ ਸੀ।
ਇਨਸਾਫ਼ ਲਈ ਦੁਬਾਰਾ ਕੋਰਟ ਜਾਵਾਂਗੇ: ਭਾਜਪਾ ਆਗੂ ਗੁਰਤੇਜ ਢਿੱਲੋਂ
ਇਸ ਮਾਮਲੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਰਿਸ਼ਤੇਦਾਰ ਅਤੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਵੀ ਪੁਲਿਸ ਦੇ ਦਬਾਅ ਨੂੰ ਦੇਖਦਿਆਂ ਸੀ.ਬੀ.ਆਈ. ਪੜਤਾਲ ਲਈ ਪਟੀਸ਼ਨ ਪਾਈ ਸੀ, ਪਰ ਕਾਨੂੰਨੀ ਸਲਾਹਕਾਰਾਂ ਦੀ ਰਾਏ ‘ਤੇ ਵਾਪਸ ਲੈ ਲਈ ਸੀ। ਢਿੱਲੋਂ ਨੇ ਕਿਹਾ:
“ਹੁਣ ਜਦੋਂ ਜਸਪ੍ਰੀਤ ਦੇ ਮਾਪਿਆਂ ਨੇ (ਕਿਸੇ ਵੀ ਕਾਰਨ ਕਰਕੇ) ਪਟੀਸ਼ਨ ਵਾਪਸ ਲੈ ਲਈ ਹੈ, ਤਾਂ ਉਹ ਇਸ ਮਾਮਲੇ ਵਿੱਚ ਇਨਸਾਫ਼ ਦੀ ਲੜਾਈ ਲੜਨਗੇ। ਉਹ ਜਲਦ ਹੀ ਅਦਾਲਤ ਦੇ ਸਾਹਮਣੇ ਅਹਿਮ ਵੀਡੀਓ ਸਬੂਤਾਂ ਅਤੇ ਪ੍ਰਤੱਖਦਰਸ਼ੀ ਗਵਾਹਾਂ ਦੇ ਨਾਲ ਨਵੀਂ ਪਟੀਸ਼ਨ ਦਾਇਰ ਕਰਨਗੇ।”
