ਚੰਡੀਗੜ੍ਹ, 8 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੈਲਥਕੇਅਰ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਤਹਿਤ 430 ਮੈਡੀਕਲ ਆਫ਼ਸਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਵੱਡੇ ਪੱਧਰ ‘ਤੇ ਕੀਤੀ ਗਈ ਇਹ ਭਰਤੀ ਹਰਿਆਣਾ ਦੇ ਪਬਲਿਕ ਹੈਲਥਕੇਅਰ ਸਿਸਟਮ ਨੂੰ ਨਵੀਂ ਊਰਜਾ ਦੇਵੇਗੀ। ਇਸ ਨਾਲ ਜ਼ਿਲ੍ਹਾ ਅਤੇ ਉਪ-ਮੰਡਲ (ਸਬ-ਡਿਵੀਜ਼ਨਲ) ਸਿਵਲ ਹਸਪਤਾਲਾਂ ਵਿੱਚ ਮਾਹਰ ਡਾਕਟਰ ਉਪਲਬਧ ਹੋਣਗੇ, ਜਦੋਂ ਕਿ ਐੱਮ.ਬੀ.ਬੀ.ਐੱਸ. ਮੈਡੀਕਲ ਆਫ਼ਸਰ ਕਮਿਊਨਿਟੀ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਇਲਾਜ ਦੀ ਵਿਵਸਥਾ ਨੂੰ ਮਜ਼ਬੂਤ ਕਰਨਗੇ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ 430 ਮੈਡੀਕਲ ਆਫ਼ਿਸਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਸੋਮਵਾਰ ਨੂੰ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਹ ਪੱਤਰ ਅੱਜ ਤੋਂ ਉਮੀਦਵਾਰਾਂ ਨੂੰ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਭਰਤੀ ਹੋਏ ਡਾਕਟਰ ਕਈ ਮਹੱਤਵਪੂਰਨ ਮੈਡੀਕਲ ਖੇਤਰਾਂ ਵਿੱਚ ਮੁਹਾਰਤ ਰੱਖਦੇ ਹਨ, ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਾਹਰ ਸੇਵਾਵਾਂ ਦਾ ਹੋਰ ਵਿਸਥਾਰ ਹੋਵੇਗਾ।
ਇਨ੍ਹਾਂ ਨਿਯੁਕਤੀਆਂ ਵਿੱਚ ਸਰਜਰੀ ਵਿੱਚ 11, ਅਨੈਸਥੀਸੀਆ ਵਿੱਚ 18, ਆਰਥੋਪੀਡਿਕਸ ਵਿੱਚ 19, ਪੀਡੀਆਟ੍ਰਿਕਸ (ਬੱਚਿਆਂ ਦੇ ਰੋਗ) ਵਿੱਚ 19, ਸਾਈਕਿਆਟਰੀ (ਮਾਨਸਿਕ ਰੋਗ) ਵਿੱਚ 4, ਆਪਥੈਲਮੌਲੋਜੀ (ਅੱਖਾਂ ਦੇ ਰੋਗ) ਵਿੱਚ 11, ਆਬਸਟੈਟਰਿਕਸ ਅਤੇ ਗਾਇਨੇਕੌਲੋਜੀ (ਪ੍ਰਸੂਤੀ ਅਤੇ ਇਸਤਰੀ ਰੋਗ) ਵਿੱਚ 16, ਪੈਥੋਲੋਜੀ ਵਿੱਚ 18, ਫਾਰਮਾਕੌਲੋਜੀ ਵਿੱਚ 4, ਬਾਇਓਕੈਮਿਸਟਰੀ ਵਿੱਚ 1, ਰੇਡੀਏਸ਼ਨ ਔਨਕੌਲੋਜੀ ਵਿੱਚ 3, ਮੈਡੀਸਨ ਵਿੱਚ 14, ਮਾਈਕ੍ਰੋਬਾਇਓਲੋਜੀ ਵਿੱਚ 1, ਰੈਸਪੀਰੇਟਰੀ ਮੈਡੀਸਨ ਵਿੱਚ 4, ਰੇਡੀਓ ਡਾਇਗਨੋਸਿਸ ਵਿੱਚ 4, ਫੈਮਿਲੀ ਮੈਡੀਸਨ ਵਿੱਚ 2, ਫੋਰੈਂਸਿਕ ਮੈਡੀਸਨ ਵਿੱਚ 5, ਡਰਮਾਟੌਲੋਜੀ (ਚਮੜੀ ਰੋਗ) ਵਿੱਚ 3, ਕਮਿਊਨਿਟੀ ਮੈਡੀਸਨ ਵਿੱਚ 6 ਅਤੇ ਈ.ਐੱਨ.ਟੀ. (ਕੰਨ, ਨੱਕ, ਗਲਾ) ਵਿੱਚ 4 ਡਾਕਟਰ ਸ਼ਾਮਲ ਹਨ।
ਡਾ. ਮਿਸ਼ਰਾ ਨੇ ਜ਼ੋਰ ਦੇ ਕੇ ਕਿਹਾ ਕਿ ਡਾਕਟਰਾਂ ਦੀ ਪੋਸਟਿੰਗ ਇਸ ਤਰ੍ਹਾਂ ਤੈਅ ਕੀਤੀ ਗਈ ਹੈ ਕਿ ਨਵੇਂ ਮੈਡੀਕਲ ਸਟਾਫ਼ ਦਾ ਵੱਧ ਤੋਂ ਵੱਧ ਫ਼ਾਇਦਾ ਮਿਲ ਸਕੇ ਅਤੇ ਸੈਕੰਡਰੀ-ਪੱਧਰ ਦੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਾਹਰ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਮਾਹਰ ਡਾਕਟਰਾਂ ਨੂੰ ਹੁਣ ਜ਼ਿਲ੍ਹਾ ਅਤੇ ਉਪ-ਮੰਡਲ ਸਿਵਲ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ। ਇਸ ਕਦਮ ਨਾਲ ਸਪੈਸ਼ਲਿਸਟ ਕੇਅਰ ਬਿਹਤਰ ਹੋਵੇਗੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਇਲਾਜ ਵਧੇਰੇ ਆਸਾਨ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨੀ ਪੱਧਰ ‘ਤੇ ਐੱਮ.ਬੀ.ਬੀ.ਐੱਸ. ਮੈਡੀਕਲ ਆਫ਼ਿਸਰ ਸੀ.ਐੱਚ.ਸੀ. ਅਤੇ ਪੀ.ਐੱਚ.ਸੀ. ਵਿੱਚ ਖਾਲੀ ਅਹੁਦਿਆਂ ਨੂੰ ਭਰ ਰਹੇ ਹਨ। ਇਸ ਨਾਲ ਡਾਕਟਰਾਂ ਦੀ ਉਪਲਬਧਤਾ ਵਧੇਗੀ ਅਤੇ ਸ਼ਹਿਰੀ ਤੇ ਪੇਂਡੂ ਦੋਵਾਂ ਭਾਈਚਾਰਿਆਂ ਨੂੰ ਬਿਹਤਰ ਹੈਲਥਕੇਅਰ ਸਹੂਲਤਾਂ ਆਸਾਨੀ ਨਾਲ ਮਿਲ ਸਕਣਗੀਆਂ।
ਡਾ. ਮਿਸ਼ਰਾ ਨੇ ਦੱਸਿਆ ਕਿ ਨਵੇਂ ਨਿਯੁਕਤ ਮੈਡੀਕਲ ਆਫ਼ਿਸਰਾਂ ਤੋਂ ਉਮੀਦ ਹੈ ਕਿ ਉਹ ਨਿਯੁਕਤੀ ਪੱਤਰ ਮਿਲਣ ਦੇ 15 ਦਿਨਾਂ ਦੇ ਅੰਦਰ ਆਪਣੀਆਂ ਤੈਅ ਥਾਵਾਂ ‘ਤੇ ਰਿਪੋਰਟ ਕਰਨਗੇ, ਤਾਂ ਜੋ ਉਹ ਜਲਦੀ ਹੀ ਆਪਣੀ ਨਵੀਂ ਭੂਮਿਕਾ ਸੰਭਾਲ ਸਕਣ ਅਤੇ ਹੈਲਥਕੇਅਰ ਸੇਵਾਵਾਂ ਨੂੰ ਸਮੇਂ ਸਿਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦਾ ਪੂਰਾ ਹੋਣਾ ਰਾਜ ਸਿਹਤ ਵਿਭਾਗ ਵਿੱਚ ਮੈਡੀਕਲ ਆਫ਼ਿਸਰਾਂ ਦੇ ਅਹੁਦਿਆਂ ਨੂੰ ਭਰਨ ਅਤੇ ਪੂਰੇ ਹਰਿਆਣਾ ਵਿੱਚ ਮੈਡੀਕਲ ਵਰਕਫੋਰਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।







