Home ਹਰਿਆਣਾ ਹਰਿਆਣਾ ਸਰਕਾਰ ਦਾ ਵੱਡਾ ਕਦਮ, ਫਲਾਂ ਅਤੇ ਸਬਜ਼ੀਆਂ ਵਿੱਚ ਕੀਟਨਾਸ਼ਕ ਜਾਂਚ ਦੀ...

ਹਰਿਆਣਾ ਸਰਕਾਰ ਦਾ ਵੱਡਾ ਕਦਮ, ਫਲਾਂ ਅਤੇ ਸਬਜ਼ੀਆਂ ਵਿੱਚ ਕੀਟਨਾਸ਼ਕ ਜਾਂਚ ਦੀ ਸਹੂਲਤ ਹੁਣ ਬਿਲਕੁਲ ਮੁਫ਼ਤ — ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ

0

ਹਰਿਆਣਾ, 26 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਬਾਗਬਾਨੀ ਕਿਸਾਨਾਂ ਦੇ ਹਿੱਤ ਵਿੱਚ ਸੂਬਾ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਉਨ੍ਹਾਂ ਦੀ ਉਪਜ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਆਮ ਲੋਕਾਂ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਸ੍ਰੀ ਰਾਣਾ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਬਾਗਬਾਨੀ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਵਿੱਚ ਕੀਟਨਾਸ਼ਕਾਂ ਦੇ ਰਹਿੰਦ-ਖੂੰਹਦ ਦੀ ਜਾਂਚ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹੁਣ ਇਸੇ ਐਲਾਨ ਦੀ ਪਾਲਣਾ ਕਰਦਿਆਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ।

ਖੇਤੀਬਾੜੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਸਹੂਲਤ ਹਰਿਆਣਾ ਦੇ ਬਾਗਬਾਨੀ ਵਿਭਾਗ ਦੀਆਂ ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ ਸਿਰਸਾ ਅਤੇ ਘਰੌਂਡਾ (ਕਰਨਾਲ) ਵਿਖੇ ਉਪਲਬਧ ਕਰਵਾਈ ਜਾ ਰਹੀ ਹੈ। NABL ਤੋਂ ਮਾਨਤਾ ਪ੍ਰਾਪਤ ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਕਿਸਾਨ ਆਪਣੀ ਬਾਗਬਾਨੀ ਉਪਜ, ਮਿੱਟੀ ਅਤੇ ਪਾਣੀ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕਰਵਾ ਸਕਦੇ ਹਨ।

ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਕੁੱਲ 10 ਪ੍ਰਮੁੱਖ ਕੀਟਨਾਸ਼ਕਾਂ— Metribuzin, Metalaxyl, Chlorpyrifos, Dicofol, Pendimethalin, Penconazole, Profenofos, Lambda-Cyhalothrin, Permethrin ਅਤੇ Deltamethrin — ਦੇ ਰਹਿੰਦ-ਖੂੰਹਦ ਦਾ ਆਧੁਨਿਕ ਤਕਨੀਕਾਂ ਰਾਹੀਂ ਸਹੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸੂਬੇ ਦੇ ਕਿਸਾਨਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਾਂਚ ਲਈ ਅਰਜ਼ੀ ਦੇਣ ਵਾਸਤੇ ਕਿਸਾਨਾਂ ਨੂੰ ‘ਮੇਰੀ ਫ਼ਸਲ-ਮੇਰਾ ਬਿਓਰਾ’ ਰਜਿਸਟ੍ਰੇਸ਼ਨ ਦਾ ਵੇਰਵਾ, ਪਛਾਣ ਪੱਤਰ ਵਜੋਂ ਆਧਾਰ ਕਾਰਡ, ਪੈਨ ਕਾਰਡ ਜਾਂ ਵੋਟਰ ਆਈਡੀ, ਅਤੇ ਆਪਣਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਪ੍ਰਯੋਗਸ਼ਾਲਾ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ।

ਨਮੂਨੇ ਲੈਣ ਅਤੇ ਦਸਤਾਵੇਜ਼ਾਂ ਨਾਲ ਸਬੰਧਤ ਪ੍ਰਕਿਰਿਆ ਲਈ ਕਿਸਾਨ ਆਪਣੇ ਸਬੰਧਤ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਾਗਬਾਨੀ ਕਿਸਾਨ ਆਪਣੀ ਉਪਜ ਵਿੱਚ ਕੀਟਨਾਸ਼ਕਾਂ ਦੀ ਸਹੀ ਵਰਤੋਂ ਨੂੰ ਸਮਝ ਸਕਣ ਅਤੇ ਉਤਪਾਦ ਦੀ ਗੁਣਵੱਤਾ ਦੇ ਨਾਲ-ਨਾਲ ਖੁਰਾਕ ਸੁਰੱਖਿਆ ਵਿੱਚ ਵੀ ਸੁਧਾਰ ਲਿਆ ਸਕਣ।

Exit mobile version