Home ਹਰਿਆਣਾ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਬਾਗ਼ਬਾਨੀ ਫ਼ਸਲਾਂ ਦੀ ਖੇਤੀ ਲਈ ਕਿਸਾਨਾਂ ਨੂੰ...

ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ ਬਾਗ਼ਬਾਨੀ ਫ਼ਸਲਾਂ ਦੀ ਖੇਤੀ ਲਈ ਕਿਸਾਨਾਂ ਨੂੰ ਮਿਲੇਗੀ ਗ੍ਰਾਂਟ

Haryana government announces grants to encourage farmers to cultivate horticultural crops.

0

ਚੰਡੀਗੜ੍ਹ, 28 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ‘ਬਾਗ਼ਬਾਨੀ ਫ਼ਸਲਾਂ ਦੀ ਖੇਤੀ ਲਈ ਅਨੁਦਾਨ ਪ੍ਰਾਵਧਾਨ’ ਯੋਜਨਾ ਲਾਗੂ ਕੀਤੀ ਗਈ ਹੈ। ਬਾਗ਼ਬਾਨੀ ਵਿਭਾਗ ਹਰਿਆਣਾ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਫ਼ਲ, ਸਬਜ਼ੀਆਂ, ਫੁੱਲ, ਮਸਾਲੇ ਅਤੇ ਖੁਸ਼ਬੂਦਾਰ ਪੌਦਿਆਂ ਦੀ ਖੇਤੀ ਕਰਨ ‘ਤੇ ਭਾਰੀ ਸਬਸਿਡੀ ਪ੍ਰਦਾਨ ਕਰ ਰਹੀ ਹੈ। ਇਸ ਯੋਜਨਾ ਤਹਿਤ ਅਰਜ਼ੀ ਅਤੇ ਗ੍ਰਾਂਟ ਦੀ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ, ਜਿਸ ਅਨੁਸਾਰ ਫ਼ਲਾਂ ਦੇ ਨਵੇਂ ਬਾਗ਼ ਲਗਾਉਣ ਅਤੇ ਮਸਾਲਿਆਂ ਦੀ ਖੇਤੀ ‘ਤੇ ਵੱਧ ਤੋਂ ਵੱਧ 5 ਏਕੜ ਤੱਕ ਦਾ ਲਾਭ ਲਿਆ ਜਾ ਸਕਦਾ ਹੈ। ਉੱਥੇ ਹੀ ਸਬਜ਼ੀਆਂ ਦੀ ਖੇਤੀ ਲਈ ਆਮ ਵਰਗ ਦੇ ਕਿਸਾਨ ਵੱਧ ਤੋਂ ਵੱਧ 5 ਏਕੜ ਅਤੇ ਅਨੁਸੂਚਿਤ ਵਰਗ ਦੇ ਕਿਸਾਨ 1 ਏਕੜ ਤੱਕ ਦਾ ਲਾਭ ਲੈ ਸਕਦੇ ਹਨ, ਜਦਕਿ ਫੁੱਲਾਂ ਅਤੇ ਖੁਸ਼ਬੂਦਾਰ ਪੌਦਿਆਂ ਦੀ ਖੇਤੀ ‘ਤੇ ਇਹ ਸੀਮਾ 5 ਏਕੜ ਤੱਕ ਤੈਅ ਕੀਤੀ ਗਈ ਹੈ।

ਬੁਲਾਰੇ ਨੇ ਅੱਗੇ ਗ੍ਰਾਂਟ ਦੀ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਬਾਗ਼ ਲਗਾਉਣ ‘ਤੇ ਕਿਸਾਨਾਂ ਨੂੰ 24,500 ਤੋਂ 1,40,000 ਪ੍ਰਤੀ ਏਕੜ ਤੱਕ ਦੀ ਗ੍ਰਾਂਟ ਦਿੱਤੀ ਜਾਂਵੇਗੀ। ਸਬਜ਼ੀਆਂ ਦੀ ਖੇਤੀ ਲਈ ਆਮ ਵਰਗ ਨੂੰ 15,000 ਪ੍ਰਤੀ ਏਕੜ ਅਤੇ ਅਨੁਸੂਚਿਤ ਵਰਗ ਨੂੰ 25,500 ਪ੍ਰਤੀ ਏਕੜ ਦੀ ਦਰ ਨਾਲ ਗ੍ਰਾਂਟ ਦਿੱਤੀ ਜਾਵੇਗੀ, ਜੋ ਕਿ ਮਲਚਿੰਗ, ਲੋਅ ਟਨਲ, ਡ੍ਰਿਪ ਜਾਂ ਬਾਂਸ ਦੀ ਸਟੇਕਿੰਗ ਵਰਗੇ ਏਕੀਕ੍ਰਿਤ ਮਾਡਲ ਅਪਣਾਉਣ ‘ਤੇ ਹੀ ਦੇਣਯੋਗ ਹੋਵੇਗਾ। ਇਸੇ ਤਰ੍ਹਾਂ ਮਸਾਲਿਆਂ ਦੀ ਖੇਤੀ ‘ਤੇ 15,000 ਤੋਂ 30,000 ਪ੍ਰਤੀ ਏਕੜ, ਫੁੱਲਾਂ ਦੀ ਖੇਤੀ ‘ਤੇ 8,000 ਤੋਂ 40,000 ਪ੍ਰਤੀ ਏਕੜ ਅਤੇ ਖੁਸ਼ਬੂਦਾਰ ਪੌਦਿਆਂ ਦੀ ਖੇਤੀ ‘ਤੇ 8,000 ਪ੍ਰਤੀ ਏਕੜ ਗ੍ਰਾਂਟ ਦਾ ਪ੍ਰਬੰਧ ਕੀਤਾ ਗਿਆ ਹੈ। ਪਾਰਦਰਸ਼ਤਾ ਯਕੀਨੀ ਬਣਾਉਣ ਲਈ ਗ੍ਰਾਂਟ ਦੀ ਇਹ ਪੂਰੀ ਰਾਸ਼ੀ ਸਿੱਧੀ ਲਾਭਪਾਤਰੀ ਕਿਸਾਨ ਦੇ ਬੈਂਕ ਖ਼ਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਯੋਜਨਾ ਦਾ ਲਾਭ ਲੈਣ ਲਈ ‘ਮੇਰੀ ਫ਼ਸਲ-ਮੇਰਾ ਬਿਓਰਾ‘ ਪੋਰਟਲ ਅਤੇ ‘ਹੌਰਟਨੈਟ‘ (Hortnet) ‘ਤੇ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਬਿਨੈਕਾਰਾਂ ਕੋਲ ਨਿੱਜੀ ਵੇਰਵੇ, ਪਰਿਵਾਰ ਪਹਿਚਾਣ-ਪੱਤਰ, ਬੈਂਕ ਖ਼ਾਤੇ ਦਾ ਪੂਰਾ ਵੇਰਵਾ (ਖ਼ਾਤਾ ਨੰਬਰ, ਬੈਂਕ ਨਾਮ, ਸ਼ਾਖਾ ਅਤੇ ਆਈ.ਐਫ.ਐਸ.ਸੀ. ਕੋਡ) ਅਤੇ ਲੋੜ ਪੈਣ ‘ਤੇ ਅਨੁਸੂਚਿਤ ਵਰਗ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ ਇੱਛੁਕ ਕਿਸਾਨਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਸਥਾਰਪੂਰਵਕ ਜਾਣਕਾਰੀ ਲਈ ਕਿਸਾਨ ਆਪਣੇ ਸਬੰਧਤ ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਟੋਲ-ਫ੍ਰੀ ਨੰਬਰ 1800-180-2021 ‘ਤੇ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਭਾਗੀ ਵੈਬਸਾਈਟ www.hortharyana.gov.in ਜਾਂ ਈ-ਮੇਲ horticulture@hry.nic.in ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Exit mobile version