ਪਟਿਆਲਾ, 22 ਜੁਲਾਈ, 2026 (ਬਲਜੀਤ ਸਰਨਾ) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਗੰਭੀਰ ਵਿੱਤੀ ਤੰਗੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਆਪਣੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਹੁਣ ਬਿਨਾਂ ਕਿਸੇ ਪੰਜਾਬ ਸਰਕਾਰ ਦੀ ਗਾਰੰਟੀ ਦੇ ਮਾਰਕੀਟ ਵਿੱਚੋਂ 10,000 ਕਰੋੜ ਰੁਪਏ ਦਾ ਕਰਜ਼ਾ ਜੁਟਾਉਣ ਦੀ ਤਿਆਰੀ ਕਰ ਲਈ ਹੈ। ਪੰਜਾਬ ਦੇ ਬਿਜਲੀ ਖੇਤਰ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਪਾਵਰਕੌਮ ਸਰਕਾਰੀ ਗਾਰੰਟੀ ਤੋਂ ਬਿਨਾਂ ਇੰਨਾ ਵੱਡਾ ਕਰਜ਼ਾ ਲੈਣ ਜਾ ਰਹੀ ਹੈ।
ਕਰਜ਼ਾ ਚੁੱਕਣ ਲਈ ਬੋਲੀਆਂ ਮੰਗੀਆਂ
ਪਾਵਰਕੌਮ ‘ਨਾਨ-ਕਨਵਰਟੀਬਲ ਡਿਬੈਂਚਰਜ਼’ (NCDs) ਅਤੇ ਬਾਂਡ ਜਾਰੀ ਕਰਕੇ ਇਹ ਫੰਡ ਇਕੱਠਾ ਕਰੇਗੀ। ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਾਸਤੇ ‘ਟਰਾਂਜੈਕਸ਼ਨ ਐਡਵਾਈਜ਼ਰ-ਕਮ-ਮਰਚੈਂਟ ਬੈਂਕਰ/ਅਰੇਂਜਰ’ ਦੀ ਚੋਣ ਲਈ ਸੇਬੀ (SEBI) ਕੋਲ ਰਜਿਸਟਰਡ ‘ਕੈਟਾਗਰੀ-1 ਮਰਚੈਂਟ ਬੈਂਕਰਾਂ’ ਤੋਂ ਆਨਲਾਈਨ ਬੋਲੀਆਂ ਮੰਗੀਆਂ ਗਈਆਂ ਹਨ।
ਕਿਉਂ ਪੈਦਾ ਹੋਇਆ ਆਰਥਿਕ ਸੰਕਟ?
ਅਧਿਕਾਰੀਆਂ ਅਨੁਸਾਰ ਪਾਵਰਕੌਮ ਦੀ ਖਰਾਬ ਵਿੱਤੀ ਹਾਲਤ ਪਿੱਛੇ ਮੁੱਖ ਕਾਰਨ ਸਰਕਾਰੀ ਬਕਾਏ ਹਨ:
- ਸਬਸਿਡੀ ਦਾ ਬਕਾਇਆ: ਪੰਜਾਬ ਸਰਕਾਰ ਵੱਲ ਪਿਛਲੇ ਅਤੇ ਚੱਲ ਰਹੇ ਵਿੱਤੀ ਸਾਲ ਦੀ ਲਗਭਗ 7,000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਬਕਾਇਆ ਹੈ।
- ਸਰਕਾਰੀ ਵਿਭਾਗਾਂ ਦੇ ਬਿੱਲ: ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿੱਲਾਂ ਦੇ 2,600 ਕਰੋੜ ਰੁਪਏ ਖੜ੍ਹੇ ਹਨ।
- ਮਹਿੰਗੀ ਬਿਜਲੀ ਖਰੀਦ: ਝੋਨੇ ਦੇ ਸੀਜ਼ਨ ਅਤੇ ਗਰਮੀਆਂ ਦੌਰਾਨ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੂੰ ਬਾਹਰੋਂ ਮਹਿੰਗੇ ਭਾਅ ਦੀ ਬਿਜਲੀ ਖਰੀਦਣੀ ਪਈ ਹੈ।
ਮਾਹਿਰਾਂ ਨੇ ਜਤਾਈ ਚਿੰਤਾ
ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਸਰਕਾਰੀ ਗਾਰੰਟੀ ਤੋਂ ਕਰਜ਼ਾ ਲੈਣ ਲਈ ਪਾਵਰਕੌਮ ਨੂੰ ਆਪਣੀਆਂ ਜਾਇਦਾਦਾਂ ਗਿਰਵੀ ਰੱਖਣੀਆਂ ਪੈ ਸਕਦੀਆਂ ਹਨ ਅਤੇ ਮਰਚੈਂਟ ਬੈਂਕਰਾਂ ਨੂੰ ਵੀ ਵੱਧ ਕਮਿਸ਼ਨ ਦੇਣਾ ਪਵੇਗਾ। ਸਵਾਲ ਇਹ ਵੀ ਉੱਠ ਰਹੇ ਹਨ ਕਿ ਜੇਕਰ ਸਰਕਾਰ ਗਾਰੰਟੀ ਦੇਣ ਤੋਂ ਪਾਸਾ ਵੱਟ ਰਹੀ ਹੈ ਤਾਂ ਪਾਵਰਕੌਮ ਖ਼ੁਦ ਇਸ ਦੇਣਦਾਰੀ ਦਾ ਬੋਝ ਕਿਉਂ ਚੁੱਕ ਰਹੀ ਹੈ? ਕੁਝ ਸਮਾਂ ਪਹਿਲਾਂ ਤੱਕ ਮੁਨਾਫ਼ੇ ‘ਚ ਦੱਸੀ ਜਾ ਰਹੀ ਕੰਪਨੀ ਦਾ ਕਰਜ਼ੇ ‘ਚ ਡੁੱਬਣਾ ਭਵਿੱਖ ‘ਚ ਵੱਡੇ ਸੰਕਟ ਵੱਲ ਇਸ਼ਾਰਾ ਕਰਦਾ ਹੈ।
