ਨਵੀਂ ਦਿੱਲੀ, 14 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਦੇਸ਼ ਵਿੱਚ ਵਧ ਰਹੀਆਂ ਅਣਚਾਹੀਆਂ ਵਪਾਰਕ ਕਾਲਾਂ ਅਤੇ ਸਪੈਮ ਸੰਦੇਸ਼ਾਂ ’ਤੇ ਰੋਕ ਲਗਾਉਣ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਵੱਡੀ ਕਾਰਵਾਈ ਕੀਤੀ ਹੈ। ਜੁਲਾਈ ਤੋਂ ਸਤੰਬਰ 2026 ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1.24 ਲੱਖ ਤੋਂ ਵੱਧ ਟੈਲੀਕਾਮ ਸਰੋਤਾਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਦਕਿ 374 ਸੰਸਥਾਵਾਂ ਅਤੇ ਸੰਦੇਸ਼ ਭੇਜਣ ਵਾਲਿਆਂ ਨੂੰ ਇੱਕ ਸਾਲ ਲਈ ਬਲੈਕਲਿਸਟ ਕਰ ਦਿੱਤਾ ਗਿਆ। TRAI ਦੀ ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਦੀ ਰਿਪੋਰਟ ਅਨੁਸਾਰ, ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1,10,325 ਟੈਲੀਕਾਮ ਸਰੋਤਾਂ, ਜਿਨ੍ਹਾਂ ਵਿੱਚ ਮੋਬਾਈਲ ਨੰਬਰ ਵੀ ਸ਼ਾਮਲ ਹਨ, ਦੀਆਂ ਆਊਟਗੋਇੰਗ ਸੇਵਾਵਾਂ 15 ਦਿਨਾਂ ਲਈ ਬੰਦ ਕੀਤੀਆਂ ਗਈਆਂ। ਵਾਰ-ਵਾਰ ਉਲੰਘਣਾ ਕਰਨ ਵਾਲੇ 13,777 ਨੰਬਰਾਂ ਨੂੰ ਇੱਕ ਸਾਲ ਲਈ ਡਿਸਕਨੈਕਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 3,725 ਐੱਸਐੱਮਐੱਸ ਹੈਡਰ ਵੀ ਬਲਾਕ ਕੀਤੇ ਗਏ।
ਰਿਪੋਰਟ ਮੁਤਾਬਕ ਇਸ ਤਿਮਾਹੀ ਦੌਰਾਨ TRAI ਨੂੰ ਅਣਚਾਹੀਆਂ ਵਪਾਰਕ ਕਾਲਾਂ ਅਤੇ ਸੰਦੇਸ਼ਾਂ ਸਬੰਧੀ ਕੁੱਲ 15.29 ਲੱਖ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਵਿੱਚੋਂ 7.23 ਲੱਖ ਸ਼ਿਕਾਇਤਾਂ ਨੂੰ ਕਾਰਵਾਈਯੋਗ ਮੰਨਿਆ ਗਿਆ। ਇਨ੍ਹਾਂ ਵਿੱਚੋਂ 14.21 ਲੱਖ ਸ਼ਿਕਾਇਤਾਂ TRAI ਦੀ ਡੂ ਨਾਟ ਡਿਸਟਰਬ (DND) ਐਪ ਰਾਹੀਂ ਪ੍ਰਾਪਤ ਹੋਈਆਂ, ਜੋ ਕੁੱਲ ਸ਼ਿਕਾਇਤਾਂ ਦਾ 92.9 ਫ਼ੀਸਦੀ ਬਣਦੀਆਂ ਹਨ। 30 ਸਤੰਬਰ ਤੱਕ ਇਸ ਐਪ ਦੇ 42.36 ਲੱਖ ਡਾਊਨਲੋਡ ਹੋ ਚੁੱਕੇ ਸਨ। ਸਪੈਮ ਗਤੀਵਿਧੀਆਂ ਦੀ ਪਛਾਣ ਕਰਨ ਲਈ ਟੈਲੀਕਾਮ ਕੰਪਨੀਆਂ ਵੱਲੋਂ ਵਰਤੇ ਜਾ ਰਹੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਸਿਸਟਮਾਂ ਨੇ ਸ਼ੱਕੀ ਸਪੈਮ ਵਜੋਂ 19.9 ਅਰਬ ਆਉਣ ਵਾਲੀਆਂ ਕਾਲਾਂ ਅਤੇ ਐੱਸਐੱਮਐੱਸ ਦੀ ਪਛਾਣ ਕੀਤੀ। ਇਨ੍ਹਾਂ ਵਿੱਚ 18.28 ਅਰਬ ਕਾਲਾਂ ਅਤੇ 1.62 ਅਰਬ ਸੰਦੇਸ਼ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ੱਕੀ ਸਪੈਮ ਭੇਜਣ ਵਾਲਿਆਂ ਨੂੰ 45.9 ਲੱਖ ਤੋਂ ਵੱਧ ਚਿਤਾਵਨੀ ਸੂਚਨਾਵਾਂ ਭੇਜੀਆਂ ਗਈਆਂ। ਕੁੱਲ 34,025 ਸ਼ੱਕੀ ਭੇਜਣ ਵਾਲਿਆਂ ਦੀ ਈ-ਕੇਵਾਈਸੀ ਜਾਂਚ ਕੀਤੀ ਗਈ, ਜਿਸ ਵਿੱਚ ਤਸਦੀਕ ਵਿੱਚ ਅਸਫਲ ਰਹੇ 9,977 ਭੇਜਣ ਵਾਲਿਆਂ ਦੇ ਟੈਲੀਕਾਮ ਕੁਨੈਕਸ਼ਨ ਬੰਦ ਕਰ ਦਿੱਤੇ ਗਏ।
ਖਪਤਕਾਰਾਂ ਨੂੰ ਪ੍ਰਚਾਰਕ ਕਾਲਾਂ ਅਤੇ ਬੈਂਕਿੰਗ ਜਾਂ ਹੋਰ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕਾਲਾਂ ਵਿਚਕਾਰ ਫ਼ਰਕ ਸਮਝਾਉਣ ਲਈ TRAI ਨੇ ਵੱਖ-ਵੱਖ ਨੰਬਰਿੰਗ ਸੀਰੀਜ਼ ਲਾਗੂ ਕੀਤੀਆਂ ਹਨ। ਪ੍ਰਚਾਰਕ ਕਾਲਾਂ ਲਈ 140 ਸੀਰੀਜ਼ ਨਿਰਧਾਰਤ ਕੀਤੀ ਗਈ ਹੈ, ਜਦਕਿ ਬੈਂਕਾਂ, ਵਿੱਤੀ ਸੰਸਥਾਵਾਂ, ਬੀਮਾ ਕੰਪਨੀਆਂ ਅਤੇ ਸਰਕਾਰੀ ਸੇਵਾਵਾਂ ਨਾਲ ਸਬੰਧਤ ਕਾਲਾਂ ਲਈ 1600 ਸੀਰੀਜ਼ ਰਾਖਵੀਂ ਹੈ। ਇਸੇ ਤਰ੍ਹਾਂ 10 ਅਗਸਤ ਤੋਂ ਸ਼ੁਰੂ ਕੀਤੀ ਗਈ 1601 ਸੀਰੀਜ਼ ਰਾਹੀਂ ਬਿਜਲੀ-ਪਾਣੀ ਵਰਗੀਆਂ ਸਹੂਲਤਾਂ, ਲੌਜਿਸਟਿਕਸ ਅਤੇ ਡਿਲੀਵਰੀ ਕੰਪਨੀਆਂ ਦੀਆਂ ਸੇਵਾ ਸਬੰਧੀ ਕਾਲਾਂ ਕੀਤੀਆਂ ਜਾਂਦੀਆਂ ਹਨ। ਰਿਪੋਰਟ ਅਨੁਸਾਰ ਇਸ ਤਿਮਾਹੀ ਵਿੱਚ 140 ਸੀਰੀਜ਼ ਰਾਹੀਂ 15.27 ਅਰਬ ਪ੍ਰਚਾਰਕ ਕਾਲਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 1.70 ਅਰਬ ਕਾਲਾਂ ਖਪਤਕਾਰਾਂ ਦੀਆਂ ਡੂ ਨਾਟ ਡਿਸਟਰਬ ਤਰਜੀਹਾਂ ਦੀ ਜਾਂਚ ਤੋਂ ਬਾਅਦ ਰੋਕ ਦਿੱਤੀਆਂ ਗਈਆਂ। ਰਜਿਸਟਰਡ ਟੈਲੀਮਾਰਕੀਟਰਾਂ ਵੱਲੋਂ 660.71 ਅਰਬ ਵਪਾਰਕ ਐੱਸਐੱਮਐੱਸ ਭੇਜੇ ਗਏ, ਜਿਨ੍ਹਾਂ ਵਿੱਚੋਂ 11.09 ਅਰਬ ਪ੍ਰਚਾਰਕ ਸੰਦੇਸ਼ਾਂ ਨੂੰ ਨਿਯਮਾਂ ਅਨੁਸਾਰ ਬਲਾਕ ਕੀਤਾ ਗਿਆ।
30 ਸਤੰਬਰ ਤੱਕ ਦੇਸ਼ ਦੇ 22.449 ਕਰੋੜ ਮੋਬਾਈਲ ਖਪਤਕਾਰਾਂ ਨੇ DND ਰਜਿਸਟਰੀ ਵਿੱਚ ਆਪਣੀਆਂ ਸੰਚਾਰ ਤਰਜੀਹਾਂ ਦਰਜ ਕਰਵਾਈਆਂ ਹੋਈਆਂ ਸਨ। ਇਹ ਦੇਸ਼ ਦੇ ਕੁੱਲ 134.9 ਕਰੋੜ ਟੈਲੀਕਾਮ ਗਾਹਕਾਂ ਦਾ 16.64 ਫ਼ੀਸਦੀ ਹੈ। ਬਾਕੀ 112 ਕਰੋੜ ਤੋਂ ਵੱਧ ਗਾਹਕਾਂ ਨੇ ਆਪਣੀ ਕੋਈ ਵਿਸ਼ੇਸ਼ ਤਰਜੀਹ ਦਰਜ ਨਹੀਂ ਕਰਵਾਈ ਸੀ ਅਤੇ ਉਹ ਰਜਿਸਟਰਡ ਭੇਜਣ ਵਾਲਿਆਂ ਤੇ ਟੈਲੀਮਾਰਕੀਟਰਾਂ ਦੇ ਵਪਾਰਕ ਸੰਦੇਸ਼ ਪ੍ਰਾਪਤ ਕਰਨ ਲਈ ਉਪਲਬਧ ਸਨ। TRAI ਨੇ ਲੋਕਾਂ ਨੂੰ ਸਪੈਮ ਤੋਂ ਬਚਾਉਣ ਅਤੇ DND ਐਪ ਬਾਰੇ ਜਾਗਰੂਕ ਕਰਨ ਲਈ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਮੁਹਿੰਮਾਂ ਵੀ ਚਲਾਈਆਂ। ਇਸ ਦੌਰਾਨ 322 ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਵਿੱਚ ਲਗਭਗ 31 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ DND ਐਪ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਅਰਬ ਤੋਂ ਵੱਧ ਐੱਸਐੱਮਐੱਸ ਭੇਜੇ ਗਏ TRAI ਅਨੁਸਾਰ ਇਹ ਅੰਕੜੇ ਟੈਲੀਕਾਮ ਸੇਵਾ ਪ੍ਰਦਾਤਾ ਕੰਪਨੀਆਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤੇ ਗਏ ਹਨ। ਇਸ ਕਾਰਵਾਈ ਦਾ ਮੁੱਖ ਉਦੇਸ਼ ਮੋਬਾਈਲ ਖਪਤਕਾਰਾਂ ਨੂੰ ਅਣਚਾਹੀਆਂ ਕਾਲਾਂ ਅਤੇ ਵਪਾਰਕ ਸੰਦੇਸ਼ਾਂ ਤੋਂ ਰਾਹਤ ਦਿਵਾਉਣਾ ਹੈ।





