ਲਾਡਵਾ, 20 ਅਕਤੂਬਰ (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਾਜਾ ਸ਼ੂਰਸੈਨੀ ਜੀ ਇੱਕ ਮਹਾਨ ਯੋਧੇ, ਕੁਸ਼ਲ ਪ੍ਰਸ਼ਾਸਕ ਅਤੇ ਨਿਆਂਪਸੰਦ ਸ਼ਾਸਕ ਸਨ। ਉਨ੍ਹਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਕੰਮ ਕੀਤੇ ਅਤੇ ਸੁਚੱਜੇ ਸ਼ਾਸਨ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦਾ ਜੀਵਨ ਸਾਨੂੰ ਸੱਚਾਈ, ਨਿਆਂ, ਬਹਾਦਰੀ ਅਤੇ ਲੋਕ ਸੇਵਾ ਦੀ ਪ੍ਰੇਰਣਾ ਦਿੰਦਾ ਹੈ। ਸਾਡੀ ਸਰਕਾਰ ਮਹਾਨ ਸ਼ਖ਼ਸੀਅਤਾਂ ਅਤੇ ਸੰਤਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੇ ਤਹਿਤ ਸੂਬੇ ਭਰ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਬੁੱਤ, ਯਾਦਗਾਰਾਂ ਅਤੇ ਭਵਨਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਲਾਡਵਾ ਸ਼ਹਿਰ ਵਿੱਚ ਕੁਰੂਕਸ਼ੇਤਰ-ਯਮੁਨਾਨਗਰ ਮਾਰਗ ’ਤੇ ਸਥਾਪਿਤ ਸੈਣੀ ਸਮਾਜ ਦੇ ਮਾਣ ਅਤੇ ਚੱਕਰਵਰਤੀ ਸਮਰਾਟ ਮਹਾਰਾਜਾ ਸ਼ੂਰਸੈਨੀ ਜੀ ਦੇ ਵਿਸ਼ਾਲ ਬੁੱਤ ਦਾ ਰਸਮੀ ਉਦਘਾਟਨ ਕੀਤਾ। ਇਹ ਬੁੱਤ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਵੱਲੋਂ ਲਗਭਗ 98 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਸ਼ੂਰਸੈਨੀ ਜੀ ਦੇ ਬੁੱਤ ਦੀ ਸਥਾਪਨਾ ਨਾਲ ਲਾਡਵਾ ਸ਼ਹਿਰ ਨੂੰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਵਜੋਂ ਨਵੀਂ ਪਛਾਣ ਮਿਲੀ ਹੈ। ਬੁੱਤ ਵਾਲੇ ਸਥਾਨ ਨੂੰ ਆਕਰਸ਼ਕ ਲਾਈਟਾਂ, ਸੁੰਦਰੀਕਰਨ ਅਤੇ ਪਾਰਕ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ, ਜੋ ਹੁਣ ਸ਼ਹਿਰ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਬਣੇਗਾ। ਉਨ੍ਹਾਂ ਕਿਹਾ ਕਿ ਲਾਡਵਾ ਵਿੱਚ ਸਥਾਪਿਤ ਇਹ ਬੁੱਤ ਨੌਜਵਾਨਾਂ ਨੂੰ ਮਹਾਰਾਜਾ ਸ਼ੂਰਸੈਨੀ ਜੀ ਦੇ ਆਦਰਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ਨੇ ਦੇਸ਼ ਅਤੇ ਸੂਬੇ ਦੇ ਨਿਰਮਾਣ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਇਸ ਸਮਾਜ ਦੇ ਲੋਕ ਮਿਹਨਤੀ, ਇਮਾਨਦਾਰ ਅਤੇ ਦੇਸ਼ ਭਗਤ ਹਨ। ਸੂਬਾ ਸਰਕਾਰ ‘ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ’ ਦੇ ਮੰਤਰ ’ਤੇ ਚੱਲਦਿਆਂ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਲਾਡਵਾ ਖੇਤਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਸਰਕਾਰ ਵੱਲੋਂ ਲਾਡਵਾ ਵਿੱਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਸੜਕਾਂ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬੁੱਤ ਦੇ ਨਿਰਮਾਣ ਨਾਲ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਵਧੀ ਹੈ, ਸਗੋਂ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ 98 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਬੁੱਤ ਸਿਰਫ਼ ਇੱਕ ਮੂਰਤੀ ਨਹੀਂ, ਸਗੋਂ ਸਾਡੇ ਸੱਭਿਆਚਾਰ, ਇਤਿਹਾਸ ਅਤੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਸੁਚੱਜੇ ਅਤੇ ਸਮੇਂ ਸਿਰ ਕੰਮ ਨੂੰ ਪੂਰਾ ਕਰਨ ਲਈ ਲਾਡਵਾ ਨਗਰ ਪਾਲਿਕਾ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਪਾਲਿਕਾ ਵੱਲੋਂ ਮਹਾਰਾਜਾ ਸ਼ੂਰਸੈਨੀ ਚੌਕ ਨੂੰ ਇੱਕ ਮਾਡਲ ਚੌਕ ਵਜੋਂ ਵਿਕਸਿਤ ਕੀਤਾ ਗਿਆ ਹੈ। ਇੱਥੇ ਸੁਰੱਖਿਆ, ਸੁੰਦਰੀਕਰਨ, ਲਾਈਟਾਂ ਅਤੇ ਆਵਾਜਾਈ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲਿਸ ਸੁਪਰਡੈਂਟ ਚੰਦਰ ਮੋਹਨ, ਲਾਡਵਾ ਦੇ ਐੱਸਡੀਐੱਮ ਰਾਜੇਸ਼ ਕੁਮਾਰ ਸੋਨੀ, ਚੇਅਰਮੈਨ ਗੁਰਨਾਮ ਸੈਣੀ, ਲਾਡਵਾ ਨਗਰ ਪਾਲਿਕਾ ਦੀ ਚੇਅਰਪਰਸਨ ਸਾਕਸ਼ੀ ਖੁਰਾਨਾ, ਚੇਅਰਮੈਨ ਡਾ. ਗਣੇਸ਼ ਦੱਤ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਮਾਰਕੀਟ ਕਮੇਟੀ ਦੇ ਸਕੱਤਰ ਨੀਰਜ ਸੈਣੀ, ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਮੰਡਲ ਪ੍ਰਧਾਨ ਸ਼ਿਵ ਗੁਪਤਾ, ਮੰਡਲ ਪ੍ਰਧਾਨ ਅਮਰੇਂਦਰ ਸਿੰਘ, ਮੰਡਲ ਪ੍ਰਧਾਨ ਨਰਿੰਦਰ ਦਬਖੇੜਾ, ਪ੍ਰਧਾਨ ਜਤਿੰਦਰ ਖੈਰਾ, ਪੂਨਮ ਸੈਣੀ, ਨਾਇਬ ਸਿੰਘ ਪਟਾਕ ਮਾਜਰਾ, ਅਵਤਾਰ ਸੈਣੀ, ਡਾ. ਰਵਿੰਦਰ ਸੈਣੀ, ਸਨੀ ਕਾਲੜਾ ਸਮੇਤ ਭਾਰਤੀ ਜਨਤਾ ਪਾਰਟੀ ਦੇ ਕਈ ਅਹੁਦੇਦਾਰ, ਕੌਂਸਲਰ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
