Homeਪਟਿਆਲਾ ਅਪਡੇਟਪਟਿਆਲਾ 'ਚ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਫੌਜੀ 'ਤੇ ਪਤਨੀ ਨੂੰ ਨਹਿਰ...

ਪਟਿਆਲਾ ‘ਚ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਫੌਜੀ ‘ਤੇ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰਨ ਦੇ ਦੋਸ਼

Happy Singh (32) and the deceased Ramandeep Kaur (30) had a love marriage in the year 2024.

ਹੈਪੀ ਸਿੰਘ (32) ਮ੍ਰਿਤਕਾ ਰਮਨਦੀਪ ਕੌਰ (30) ਦਾ ਸਾਲ 2024 ਵਿੱਚ ਹੋਇਆ ਸੀ ਪ੍ਰੇਮ ਵਿਆਹ

ਪਟਿਆਲਾ, 24 ਜੂਨ: (ਬਲਜੀਤ ਸਰਨਾ) : ਪਟਿਆਲਾ ਦੇ ਪਸਿਆਣਾ ਥਾਣਾ ਖੇਤਰ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫੌਜੀ ਜਵਾਨ ‘ਤੇ ਆਪਣੀ ਪਤਨੀ ਨੂੰ ਭਾਖੜਾ ਨਹਿਰ ਵਿੱਚ ਸੁੱਟ ਕੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਹੈਪੀ ਸਿੰਘ (32) ਵਾਸੀ ਪਿੰਡ ਬਾਜੇਵਾਲਾ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ, ਜਦਕਿ ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ (30) ਵਜੋਂ ਹੋਈ ਹੈ। ਦੋਵਾਂ ਦਾ ਸਾਲ 2024 ਵਿੱਚ ਪ੍ਰੇਮ ਵਿਆਹ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ 23 ਜੂਨ ਦੀ ਰਾਤ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਇਸ ਤੋਂ ਬਾਅਦ ਹੈਪੀ ਸਿੰਘ ਆਪਣੀ ਪਤਨੀ ਨੂੰ ਕਾਰ ਵਿੱਚ ਬਿਠਾ ਕੇ ਭਾਖੜਾ ਨਹਿਰ ਵੱਲ ਲੈ ਗਿਆ। ਦੋਸ਼ ਹੈ ਕਿ ਪਸਿਆਣਾ ਪੁਲ ਨੇੜੇ ਪਹੁੰਚ ਕੇ ਉਸ ਨੇ ਜਾਣਬੁੱਝ ਕੇ ਕਾਰ ਨੂੰ ਨਹਿਰ ਵਿੱਚ ਧੱਕ ਦਿੱਤਾ।

ਘਟਨਾ ਦੌਰਾਨ ਹੈਪੀ ਸਿੰਘ ਤੈਰ ਕੇ ਨਹਿਰ ਵਿੱਚੋਂ ਬਾਹਰ ਨਿਕਲ ਆਇਆ, ਜਦਕਿ ਰਮਨਦੀਪ ਕੌਰ ਕਾਰ ਸਮੇਤ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਗੋਤਾਖੋਰ ਟੀਮ ਮੌਕੇ ‘ਤੇ ਪਹੁੰਚੀ ਅਤੇ ਲੰਬੀ ਮੁਸ਼ੱਕਤ ਤੋਂ ਬਾਅਦ ਕਾਰ ਅਤੇ ਮ੍ਰਿਤਕਾ ਦੀ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ।

ਮ੍ਰਿਤਕਾ ਦੇ ਭਰਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਹੈਪੀ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਰਮਨਦੀਪ ਕੌਰ ਨੂੰ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਮਾਪੇ ਇਸ ਪ੍ਰੇਮ ਵਿਆਹ ਤੋਂ ਖੁਸ਼ ਨਹੀਂ ਸਨ ਅਤੇ ਇਸ ਕਾਰਨ ਘਰ ਵਿੱਚ ਅਕਸਰ ਵਿਵਾਦ ਰਹਿੰਦਾ ਸੀ। ਪਰਿਵਾਰਕ ਤਣਾਅ ਦੇ ਚਲਦਿਆਂ ਦੋਵੇਂ ਕੁਝ ਸਮੇਂ ਤੋਂ ਸੰਗਰੂਰ ਵਿੱਚ ਰਹਿ ਰਹੇ ਸਨ।

ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੈਪੀ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਸਾਰੇ ਤੱਥ ਸਪੱਸ਼ਟ ਹੋ ਸਕਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments