Home ਪਟਿਆਲਾ ਅਪਡੇਟ 56 ਸਾਲਾ ਮਹਿਲਾ ਦੀ ਜਾਨਲੇਵਾ ਦਿਲ ਦੀ ਬਿਮਾਰੀ ਦਾ ਫੋਰਟਿਸ ਮੋਹਾਲੀ ਵਿੱਚ...

56 ਸਾਲਾ ਮਹਿਲਾ ਦੀ ਜਾਨਲੇਵਾ ਦਿਲ ਦੀ ਬਿਮਾਰੀ ਦਾ ਫੋਰਟਿਸ ਮੋਹਾਲੀ ਵਿੱਚ ਈਵੀਏਆਰ ਸਰਜਰੀ ਰਾਹੀਂ ਸਫਲ ਇਲਾਜ

56-Year-Old Woman Successfully Treated With EVAR at Fortis Mohali

0

ਵਿਸ਼ਾਲ ਏਓਰਟਿਕ ਐਨਿਊਰਿਜ਼ਮ ਲਈ ਤੁਰੰਤ ਸਰਜਰੀ ਜ਼ਰੂਰੀ; ਈਵੀਏਆਰ ਇੱਕ ਘੱਟ ਚੀਰਾ ਲਗਾਉਣ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ ਵੱਡੇ ਕੱਟ ਦੀ ਲੋੜ ਨਹੀਂ ਹੁੰਦੀ, ਦਰਦ ਘੱਟ ਹੁੰਦਾ ਹੈ ਅਤੇ ਖੂਨ ਵੀ ਬਹੁਤ ਘੱਟ ਨਿਕਲਦਾ ਹੈ 

ਪਟਿਆਲਾ, 12 ਸਤੰਬਰ 2026 (ਬਲਜੀਤ ਸਰਨਾ) : ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਨੇ ਇੱਕ ਹੋਰ ਮਹੱਤਵਪੂਰਨ ਮੈਡੀਕਲ ਉਪਲਬਧੀ ਹਾਸਲ ਕਰਦੇ ਹੋਏ 56 ਸਾਲਾ ਮਹਿਲਾ ਦਾ ਸਫਲ ਇਲਾਜ ਕੀਤਾ, ਜੋ ਵਿਸ਼ਾਲ ਏਓਰਟਿਕ ਐਨਿਊਰਿਜ਼ਮ ਤੋਂ ਪੀੜਤ ਸਨ। ਇਹ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ, ਜਿਸ ਵਿੱਚ ਸਰੀਰ ਦੀ ਮੁੱਖ ਧਮਨੀ ਯਾਨੀ ਏਓਰਟਾ ਲੋੜ ਤੋਂ ਜ਼ਿਆਦਾ ਫੈਲ ਜਾਂਦੀ ਹੈ ਅਤੇ ਇਸ ਦੇ ਫਟਣ ਜਾਂ ਇਸ ਵਿੱਚ ਦਰਾਰ ਪੈਣ ਦਾ ਖਤਰਾ ਰਹਿੰਦਾ ਹੈ। ਮਰੀਜ਼ ਦੀ ਜਾਨ ਐਂਡੋਵੈਸਕੁਲਰ ਐਨਿਊਰਿਜ਼ਮ ਰਿਪੇਅਰ (ਈਵੀਏਆਰ) ਰਾਹੀਂ ਬਚਾਈ ਗਈ। ਇਹ ਇੱਕ ਘੱਟ ਚੀਰਾ ਲਗਾਉਣ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ ਖਰਾਬ ਹੋਈ ਏਓਰਟਾ ਦੇ ਅੰਦਰ ਕਵਰ ਕੀਤਾ ਹੋਇਆ ਸਟੈਂਟ-ਗ੍ਰਾਫਟ ਲਗਾਇਆ ਜਾਂਦਾ ਹੈ, ਤਾਂ ਜੋ ਜਾਨਲੇਵਾ ਢੰਗ ਨਾਲ ਧਮਨੀ ਦੇ ਫਟਣ ਨੂੰ ਰੋਕਿਆ ਜਾ ਸਕੇ।

ਇਹ ਮਾਮਲਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮਰੀਜ਼ ਦਾ ਐਨਿਊਰਿਜ਼ਮ ਲਗਭਗ 5.5 ਸੈਂਟੀਮੀਟਰ ਵਿਆਸ ਤੱਕ ਫੈਲ ਚੁੱਕਾ ਸੀ। ਜੇਕਰ ਇਹ ਫਟ ਜਾਂਦਾ ਤਾਂ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਖੂਨ ਵਹਿ ਸਕਦਾ ਸੀ ਅਤੇ ਮਰੀਜ਼ ਦੀ ਜਾਨ ਜਾ ਸਕਦੀ ਸੀ। ਮਰੀਜ਼ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟ੍ਰੋਲ, ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਦੀ ਸ਼ਿਕਾਇਤ ਸੀ। ਜਦੋਂ ਉਨ੍ਹਾਂ ਦੀਆਂ ਤਕਲੀਫਾਂ ਘੱਟ ਨਹੀਂ ਹੋਈਆਂ ਤਾਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਲਿਆਂਦਾ ਗਿਆ, ਜਿੱਥੇ ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਅਰੁਣ ਕੋਚਰ ਨੇ ਉਨ੍ਹਾਂ ਦੀ ਜਾਂਚ ਕੀਤੀ।

ਵਿਸਥਾਰਪੂਰਵਕ ਜਾਂਚ ਤੋਂ ਬਾਅਦ ਡਾ. ਕੋਚਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਐਂਡੋਵੈਸਕੁਲਰ ਐਨਿਊਰਿਜ਼ਮ ਰਿਪੇਅਰ (ਈਵੀਏਆਰ) ਸਰਜਰੀ ਕੀਤੀ। ਇਸ ਪ੍ਰਕਿਰਿਆ ਦੌਰਾਨ ਲਗਾਏ ਗਏ ਗ੍ਰਾਫਟ ਨੇ ਖੂਨ ਦੇ ਵਹਾਅ ਲਈ ਇੱਕ ਮਜ਼ਬੂਤ ਰਸਤਾ ਬਣਾਇਆ ਅਤੇ ਏਓਰਟਾ ਦੇ ਕਮਜ਼ੋਰ ਅਤੇ ਬਾਹਰ ਵੱਲ ਉਭਰੇ ਹੋਏ ਹਿੱਸੇ ਨੂੰ ਬੰਦ ਕਰ ਦਿੱਤਾ, ਜਿਸ ਨਾਲ ਇਸ ਦੇ ਫਟਣ ਦਾ ਖਤਰਾ ਟਲ ਗਿਆ। ਇਸ ਘੱਟ ਚੀਰਾ ਲਗਾਉਣ ਵਾਲੀ ਪ੍ਰਕਿਰਿਆ ਵਿੱਚ ਵੱਡੇ ਕੱਟ ਦੀ ਲੋੜ ਨਹੀਂ ਪਈ, ਦਰਦ ਘੱਟ ਹੋਇਆ ਅਤੇ ਖੂਨ ਵੀ ਬਹੁਤ ਘੱਟ ਨਿਕਲਿਆ। ਮਰੀਜ਼ ਦੀ ਸਰਜਰੀ ਤੋਂ ਬਾਅਦ ਰਿਕਵਰੀ ਚੰਗੀ ਰਹੀ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਤੋਂ ਦੋ ਦਿਨ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਆਮ ਜੀਵਨ ਬਤੀਤ ਕਰ ਰਹੇ ਹਨ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਕੋਚਰ ਨੇ ਕਿਹਾ ਕਿ ਵਿਸ਼ਾਲ ਏਓਰਟਿਕ ਐਨਿਊਰਿਜ਼ਮ ਇੱਕ ਸਾਈਲੈਂਟ ਕਿਲਰ ਹੈ। ਆਮ ਤੌਰ ’ਤੇ ਮਰੀਜ਼ ਨੂੰ ਉਦੋਂ ਤੱਕ ਕੋਈ ਖਾਸ ਲੱਛਣ ਮਹਿਸੂਸ ਨਹੀਂ ਹੁੰਦੇ, ਜਦੋਂ ਤੱਕ ਇਹ ਫਟ ਨਾ ਜਾਵੇ। ਜੇਕਰ ਐਨਿਊਰਿਜ਼ਮ ਫਟ ਜਾਵੇ ਤਾਂ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਖੂਨ ਵਹਿੰਦਾ ਹੈ ਅਤੇ 80-90 ਫੀਸਦੀ ਮਰੀਜ਼ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਕੁਝ ਮਿੰਟਾਂ ਵਿੱਚ ਦਮ ਤੋੜ ਦਿੰਦੇ ਹਨ। ਇਸ ਮਰੀਜ਼ ਦਾ ਐਨਿਊਰਿਜ਼ਮ ਕਾਫੀ ਵੱਡਾ ਸੀ, ਜਿਸ ਵਿੱਚ ਕੁਝ ਹਿੱਸਾ ਖੂਨ ਦੇ ਥੱਕੇ ਨਾਲ ਭਰਿਆ ਹੋਇਆ ਸੀ ਅਤੇ ਉਸ ਵਿੱਚ ਕੈਲਸ਼ੀਅਮ ਵੀ ਕਾਫੀ ਜਮ੍ਹਾਂ ਹੋ ਗਿਆ ਸੀ। ਇਹ ਕਿਸੇ ਵੀ ਸਮੇਂ ਫਟ ਸਕਦਾ ਸੀ। ਸਮੇਂ ਸਿਰ ਇਲਾਜ ਕਰਕੇ ਉਨ੍ਹਾਂ ਦੀ ਜਾਨ ਬਚਾਈ ਗਈ।”

29 ਸਤੰਬਰ ਨੂੰ ਵਰਲਡ ਹਾਰਟ ਡੇ ਵਜੋਂ ਮਨਾਏ ਜਾਣ ਦਾ ਜ਼ਿਕਰ ਕਰਦਿਆਂ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਪ੍ਰਤੀ ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਕੋਚਰ ਨੇ ਕਿਹਾ, “ਇਹ ਮਾਮਲਾ ਦੱਸਦਾ ਹੈ ਕਿ ਖਾਸ ਕਰਕੇ 50 ਸਾਲ ਦੀ ਉਮਰ ਤੋਂ ਬਾਅਦ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੀ ਨਿਯਮਤ ਜਾਂਚ ਅਤੇ ਸਮੇਂ ਸਿਰ ਸਕ੍ਰੀਨਿੰਗ ਕਿੰਨੀ ਜ਼ਰੂਰੀ ਹੈ। ਇਸ ਦੇ ਮੁੱਖ ਕਾਰਨਾਂ ਵਿੱਚ ਐਥੇਰੋਸਕਲੇਰੋਸਿਸ (ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋਣਾ), ਸਿਗਰਟਨੋਸ਼ੀ ਅਤੇ ਵਧਦੀ ਉਮਰ ਸ਼ਾਮਲ ਹਨ। ਇਸ ਮਰੀਜ਼ ਨੂੰ ਹਾਈ ਬਲੱਡ ਪ੍ਰੈਸ਼ਰ ਸੀ ਅਤੇ ਪਹਿਲਾਂ ਤੋਂ ਹੀ ਹਾਈ ਕੋਲੇਸਟ੍ਰੋਲ ਦੀ ਸਮੱਸਿਆ ਸੀ। ਇਸ ਸਫਲ ਸਰਜਰੀ ਨਾਲ ਗੁੰਝਲਦਾਰ ਅਤੇ ਗੰਭੀਰ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਵਿੱਚ ਹਸਪਤਾਲ ਦੀ ਕਾਰਡਿਐਕ ਟੀਮ ਦੀ ਮਾਹਰਤਾ ਵੀ ਸਾਹਮਣੇ ਆਉਂਦੀ ਹੈ।”

Exit mobile version