ਪਟਿਆਲਾ, 10 ਜੁਲਾਈ: (ਬਲਜੀਤ ਸਰਨਾ) : ਪਟਿਆਲਾ ਦੇ ਪਿੰਡ ਬਲਬੇਹੜਾ ਵਿੱਚ ਪੁਸ਼ਤੈਨੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਪਰਿਵਾਰਕ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਦੋ ਧਿਰਾਂ ਵਿਚਾਲੇ ਹੋਈ ਮਾਰਕੁੱਟ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਇਹ ਮਾਮਲਾ ਚਾਰ ਭਰਾਵਾਂ ਦੀ ਪੁਸ਼ਤੈਨੀ ਜ਼ਮੀਨ ਨਾਲ ਸਬੰਧਤ ਹੈ। ਪਰਿਵਾਰ ਦੇ ਬਜ਼ੁਰਗ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਇੱਕ ਪੁੱਤਰ ਦੇ ਹੱਕ ਵਿੱਚ ਵਸੀਅਤ ਕੀਤੀ ਗਈ ਸੀ, ਜਿਸ ਤੋਂ ਬਾਅਦ ਜਾਇਦਾਦ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਸ ਵਸੀਅਤ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਮਾਮਲਾ ਇਸ ਵੇਲੇ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਪੁਲਿਸ ਦੇ ਮੁਤਾਬਕ, ਇੱਕ ਧਿਰ ਨੇ ਵਿਵਾਦਿਤ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਦੂਜੀ ਧਿਰ ਪਹਿਲਾਂ ਤੋਂ ਹੀ ਉਸ ਜ਼ਮੀਨ ‘ਤੇ ਕਬਜ਼ੇ ਵਿੱਚ ਸੀ ਅਤੇ ਖੇਤੀਬਾੜੀ ਕਰ ਰਹੀ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧ ਗਈ ਅਤੇ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ।
ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲਿਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਿਵਾਦਿਤ ਜ਼ਮੀਨ ਦੇ ਕਬਜ਼ੇ ਸਬੰਧੀ ਕੋਈ ਵੀ ਕਾਰਵਾਈ ਸਿਰਫ਼ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਕੀਤੀ ਜਾਵੇਗੀ। ਜੇਕਰ ਕਿਸੇ ਧਿਰ ਕੋਲ ਕਬਜ਼ਾ ਦਿਵਾਉਣ ਜਾਂ ਛਡਵਾਉਣ ਸਬੰਧੀ ਅਦਾਲਤੀ ਹੁਕਮ ਹੋਣਗੇ ਤਾਂ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।








