Home ਸੰਸਾਰ ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਚਾਕੂ ਨਾਲ ਹਮਲਾ, ਇੱਕ ਦੀ ਮੌਤ ਤੇ...

ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਚਾਕੂ ਨਾਲ ਹਮਲਾ, ਇੱਕ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ

Knife attack in crowded Times Square leaves one dead and another injured as police confront the suspect.

0

ਨਿਊਯਾਰਕ, 1 ਸਤੰਬਰ, 2026 (ਹਰਸ਼ਪ੍ਰੀਤ ਕੌਰ)  : ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ਵਿੱਚ ਚਾਕੂ ਨਾਲ ਕੀਤੇ ਗਏ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਔਰਤ ਨੇ ਦੋ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਹਮਲਾਵਰ ਔਰਤ ਵੀ ਜ਼ਖ਼ਮੀ ਹੋ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਸ਼ਾਮ ਕਰੀਬ 4 ਵਜੇ ਟਾਈਮਜ਼ ਸਕੁਏਅਰ ਦੇ ਬਹੁਤ ਭੀੜ ਵਾਲੇ ਇਲਾਕੇ ਵਿੱਚ ਵਾਪਰੀ। ਉਸ ਸਮੇਂ ਉੱਥੇ ਸੈਲਾਨੀਆਂ ਅਤੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਦੱਸਿਆ ਜਾ ਰਿਹਾ ਹੈ ਕਿ ਹਮਲਾ ਬਹੁਤ ਥੋੜ੍ਹੇ ਸਮੇਂ ਵਿੱਚ ਹੋਇਆ ਅਤੇ ਕਰੀਬ 20 ਸਕਿੰਟਾਂ ਦੇ ਅੰਦਰ ਦੋ ਲੋਕਾਂ ਨੂੰ ਚਾਕੂ ਮਾਰਿਆ ਗਿਆ। ਨਿਊਯਾਰਕ ਪੁਲਿਸ ਵਿਭਾਗ ਮੁਤਾਬਕ ਹਮਲਾਵਰ ਦੀ ਪਛਾਣ 49 ਸਾਲਾ ਪਾਮੇਲਾ ਸਿਨੇਰੋਸ ਵਜੋਂ ਹੋਈ ਹੈ। ਪੁਲਿਸ ਅਨੁਸਾਰ ਹਮਲੇ ਵਿੱਚ 32 ਸਾਲਾ ਇੱਕ ਔਰਤ ਅਤੇ 68 ਸਾਲਾ ਇੱਕ ਪੁਰਸ਼ ਜ਼ਖ਼ਮੀ ਹੋਏ। ਦੋਵਾਂ ਦੇ ਪੇਟ ’ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜੇ ਜ਼ਖ਼ਮੀ ਵਿਅਕਤੀ ਦੀ ਹਾਲਤ ਸ਼ੁਰੂ ਵਿੱਚ ਗੰਭੀਰ ਦੱਸੀ ਗਈ ਸੀ, ਪਰ ਬਾਅਦ ਵਿੱਚ ਉਸ ਦੀ ਹਾਲਤ ਸਥਿਰ ਹੋਣ ਦੀ ਜਾਣਕਾਰੀ ਮਿਲੀ।

ਘਟਨਾ ਨਾਲ ਸਬੰਧਤ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੂੰ ਗੁਲਾਬੀ ਟੀ-ਸ਼ਰਟ ਅਤੇ ਜੀਨਸ ਪਹਿਨੇ ਹੱਥ ਵਿੱਚ ਚਾਕੂ ਫੜੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਖੜ੍ਹੀ ਦੇਖਿਆ ਗਿਆ। ਪੁਲਿਸ ਕਮਿਸ਼ਨਰ ਮੁਤਾਬਕ ਹਮਲਾਵਰ ਨੇ ਪੁਲਿਸ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੀ ਅਤੇ ਚਾਕੂ ਸੁੱਟਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਉਹ ਚਾਕੂ ਲਹਿਰਾਉਂਦੀ ਹੋਈ ਅੱਗੇ ਵਧਦੀ ਰਹੀ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਹਮਲਾਵਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਹਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

Exit mobile version