ਐਸ.ਏ.ਐਸ. ਨਗਰ, 3 ਸਤੰਬਰ 2026 (ਕਾਜਲ): ਪੰਜਾਬ ਵਿੱਚ ਆਨਲਾਈਨ ਠੱਗੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖੰਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਕਥਿਤ ਤੌਰ ’ਤੇ ਡਰਾ-ਧਮਕਾ ਕੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 3.40 ਕਰੋੜ ਰੁਪਏ ਟਰਾਂਸਫਰ ਕਰਵਾਉਣ ਦਾ ਦੋਸ਼ ਲੱਗਾ ਹੈ। ਮਾਮਲੇ ਸਬੰਧੀ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣਾ, ਫੇਜ਼-4 ਮੋਹਾਲੀ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਆਨਲਾਈਨ ਸੰਪਰਕ ਕਰਕੇ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਗਿਆ। ਦੋਸ਼ ਹੈ ਕਿ ਇਸ ਦੌਰਾਨ ਉਸ ਦੀ ਜਾਇਦਾਦ ਅਤੇ ਵਿੱਤੀ ਹਾਲਾਤ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਬਾਅਦ ਵਿੱਚ ਵੱਖ-ਵੱਖ ਮੌਕਿਆਂ ’ਤੇ ਉਸ ਤੋਂ ਕਰੋੜਾਂ ਰੁਪਏ ਵੱਖਰੇ ਖਾਤਿਆਂ ਵਿੱਚ ਟਰਾਂਸਫਰ ਕਰਵਾਏ ਗਏ। ਪੁਲਿਸ ਮੁਤਾਬਕ 28 ਅਗਸਤ ਨੂੰ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਰਾਹੀਂ ਈ-ਜ਼ੀਰੋ ਐਫਆਈਆਰ ਪ੍ਰਾਪਤ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਟੀਮ ਵੱਲੋਂ ਹੁਣ ਪੈਸਿਆਂ ਦੇ ਪੂਰੇ ਲੈਣ-ਦੇਣ ਦੀ ਕੜੀ ਨੂੰ ਖੰਗਾਲਿਆ ਜਾ ਰਿਹਾ ਹੈ। ਜਾਂਚ ਦੌਰਾਨ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਦੇ ਨਾਲ ਬੈਂਕਾਂ ਤੋਂ ਟਰਾਂਜ਼ੈਕਸ਼ਨਾਂ ਦਾ ਰਿਕਾਰਡ ਵੀ ਹਾਸਲ ਕੀਤਾ ਜਾਵੇਗਾ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 3.40 ਕਰੋੜ ਰੁਪਏ ਸਭ ਤੋਂ ਪਹਿਲਾਂ ਕਿਸ ਖਾਤੇ ਵਿੱਚ ਪਹੁੰਚੇ ਅਤੇ ਉਸ ਤੋਂ ਬਾਅਦ ਇਹ ਰਕਮ ਕਿਹੜੇ-ਕਿਹੜੇ ਖਾਤਿਆਂ ਵਿੱਚ ਭੇਜੀ ਗਈ। ਜਾਂਚ ਅਧਿਕਾਰੀ ਇੰਸਪੈਕਟਰ ਜੁਝਾਰ ਸਿੰਘ ਮੁਤਾਬਕ ਧਮਕੀਆਂ ਦੇਣ ਲਈ ਵਰਤੇ ਗਏ ਡਿਜੀਟਲ ਮਾਧਿਅਮਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਪੁਲਿਸ ਵੱਲੋਂ ਸੰਬੰਧਿਤ ਮੋਬਾਈਲ ਨੰਬਰਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਐਪਸ, ਬੈਂਕ ਖਾਤਿਆਂ ਅਤੇ ਹੋਰ ਡਿਜੀਟਲ ਸਬੂਤਾਂ ਨੂੰ ਆਪਸ ਵਿੱਚ ਜੋੜ ਕੇ ਕਥਿਤ ਠੱਗੀ ਦੇ ਨੈਟਵਰਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਐਫਆਈਆਰ ਵਿੱਚ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਐਫਆਈਆਰ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।
