ਨਵੀਂ ਦਿੱਲੀ, 3 ਸਤੰਬਰ 2026 (ਜਗਜੀਤ ਸਿੰਘ): 2019 ਵਿੱਚ ਪਾਕਿਸਤਾਨ ਦੇ ਇੱਕ F-16 ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਚਰਚਾ ਵਿੱਚ ਆਏ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤੀ ਲੈ ਲਈ ਹੈ। ਹੁਣ ਉਹ ਗੋਆ ਸਥਿਤ ਖੇਤਰੀ ਏਅਰਲਾਈਨ FLY91 ਨਾਲ ਕਮਰਸ਼ੀਅਲ ਪਾਇਲਟ ਵਜੋਂ ਜੁੜ ਗਏ ਹਨ। ਸੂਤਰਾਂ ਮੁਤਾਬਕ ਅਭਿਨੰਦਨ ਨੇ ਅਗਸਤ ਮਹੀਨੇ ਵਿੱਚ ਏਅਰਲਾਈਨ ਵਿੱਚ ਪਾਇਲਟ ਵਜੋਂ ਜੁਆਇਨ ਕੀਤਾ ਸੀ। ਹਾਲਾਂਕਿ ਉਨ੍ਹਾਂ ਵੱਲੋਂ ਹਵਾਈ ਸੈਨਾ ਛੱਡਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
2019 ਦੀ ਹਵਾਈ ਝੜਪ ਤੋਂ ਬਾਅਦ ਬਣੇ ਸਨ ਚਰਚਾ ਦਾ ਕੇਂਦਰ
ਅਭਿਨੰਦਨ ਵਰਧਮਾਨ 2019 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਈ ਹਵਾਈ ਝੜਪ ਦੌਰਾਨ ਸੁਰਖੀਆਂ ਵਿੱਚ ਆਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਪਾਕਿਸਤਾਨੀ F-16 ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਪਾਕਿਸਤਾਨੀ ਖੇਤਰ ਵਿੱਚ ਜਾ ਡਿੱਗਿਆ ਅਤੇ ਉਨ੍ਹਾਂ ਨੂੰ ਉੱਥੇ ਤਿੰਨ ਦਿਨ ਹਿਰਾਸਤ ਵਿੱਚ ਰੱਖਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਅਭਿਨੰਦਨ ਨੂੰ 2021 ਵਿੱਚ ਭਾਰਤ ਦੇ ਪ੍ਰਮੁੱਖ ਯੁੱਧਕਾਲੀਨ ਬਹਾਦਰੀ ਪੁਰਸਕਾਰਾਂ ਵਿੱਚੋਂ ਇੱਕ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਪੁਰਸਕਾਰ ਦੇ ਪ੍ਰਸ਼ੰਸਾ ਪੱਤਰ ਵਿੱਚ ਹਵਾਈ ਮੁਕਾਬਲੇ ਦੌਰਾਨ ਉਨ੍ਹਾਂ ਦੇ ਫਰਜ਼ ਪ੍ਰਤੀ ਸਮਰਪਣ ਅਤੇ ਬਹਾਦਰੀ ਦਾ ਜ਼ਿਕਰ ਕੀਤਾ ਗਿਆ ਸੀ। ਗੋਆ ਆਧਾਰਿਤ FLY91 ਨੇ ਮਾਰਚ 2024 ਵਿੱਚ ਆਪਣੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਕੋਲ ਇਸ ਸਮੇਂ ATR 72-600 ਜਹਾਜ਼ਾਂ ਦਾ ਬੇੜਾ ਹੈ ਅਤੇ ਗੋਆ ਤੇ ਹੈਦਰਾਬਾਦ ਇਸਦੇ ਮੁੱਖ ਸੰਚਾਲਨ ਅੱਡੇ ਹਨ। FLY91 ਦੇ ਬੁਲਾਰੇ ਨੇ ਅਭਿਨੰਦਨ ਦੀ ਨਿਯੁਕਤੀ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਰਮਚਾਰੀਆਂ ਨਾਲ ਸਬੰਧਤ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ।
