Home ਦੇਸ਼ 36 ਦਿਨਾਂ ਬਾਅਦ ਜੰਤਰ-ਮੰਤਰ ਦਾ ਅੰਦੋਲਨ ਖ਼ਤਮ

36 ਦਿਨਾਂ ਬਾਅਦ ਜੰਤਰ-ਮੰਤਰ ਦਾ ਅੰਦੋਲਨ ਖ਼ਤਮ

0

ਸਰਕਾਰ ਵੱਲੋਂ ਮੰਗਾਂ ਮੰਨਣ ਦੇ ਦਾਅਵੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਵਾਪਸ ਲਿਆ ਧਰਨਾ

ਨਵੀਂ ਦਿੱਲੀ: (ਜੀ.ਐਸ.ਤੁੰਗ):  ਨੀਟ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਵਿਰੋਧ ਵਿੱਚ ਜੰਤਰ-ਮੰਤਰ ‘ਤੇ ਪਿਛਲੇ 36 ਦਿਨਾਂ ਤੋਂ ਚੱਲ ਰਿਹਾ ਅੰਦੋਲਨ ਹੁਣ ਸਮਾਪਤ ਹੋ ਗਿਆ ਹੈ। ਅੰਦੋਲਨ ਖ਼ਤਮ ਹੋਣ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਜੰਤਰ-ਮੰਤਰ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਰਿਹਾ, ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਇਆ।

ਪ੍ਰਦਰਸ਼ਨ ਵਾਲੀ ਥਾਂ ਤੋਂ ਅਸਥਾਈ ਟੈਂਟ ਹਟਾ ਦਿੱਤੇ ਗਏ ਹਨ ਅਤੇ ਵਲੰਟੀਅਰ ਤੇ ਸਮਰਥਕ ਵੀ ਵਾਪਸ ਚਲੇ ਗਏ ਹਨ। ਜਿੱਥੇ ਕੁਝ ਦਿਨ ਪਹਿਲਾਂ ਤੱਕ ਨਾਅਰੇਬਾਜ਼ੀ, ਭਾਸ਼ਣ ਅਤੇ ਧਰਨੇ ਚੱਲ ਰਹੇ ਸਨ, ਉੱਥੇ ਹੁਣ ਅੰਦੋਲਨ ਦੇ ਬਹੁਤ ਘੱਟ ਨਿਸ਼ਾਨ ਹੀ ਬਾਕੀ ਰਹਿ ਗਏ ਹਨ।

ਅੰਦੋਲਨ ਦੀ ਅਗਵਾਈ ਕਰਨ ਵਾਲੀ ਕਾਕਰੋਚ ਜਨਤਾ ਪਾਰਟੀ ਨੇ ਦੱਸਿਆ ਕਿ ਉਸ ਦੇ ਸੰਸਥਾਪਕ ਅਭਿਜੀਤ ਦੀਪਕੇ ਟਾਈਫਾਇਡ ਕਾਰਨ ਘਰ ‘ਚ ਇਲਾਜ ਅਧੀਨ ਹਨ। ਪਾਰਟੀ ਵੱਲੋਂ ਉਨ੍ਹਾਂ ਦੀ ਇੱਕ ਤਸਵੀਰ ਅਤੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਲਗਾਤਾਰ ਇੱਕ ਮਹੀਨੇ ਤੋਂ ਵੱਧ ਚੱਲੇ ਸੰਘਰਸ਼ ਤੋਂ ਬਾਅਦ ਹੁਣ ਉਨ੍ਹਾਂ ਨੂੰ ਸੱਕੂਨ ਦੀ ਨੀਂਦ ਆਈ ਹੈ ਅਤੇ ਮਾਨਸਿਕ ਦਬਾਅ ਤੋਂ ਵੀ ਰਾਹਤ ਮਿਲੀ ਹੈ।

ਦੂਜੇ ਪਾਸੇ, ਅੰਦੋਲਨ ਨੂੰ ਸਮਰਥਨ ਦੇਣ ਵਾਲੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੇ ਅੰਦੋਲਨ ਦੇ ਹੱਕ ਵਿੱਚ ਲੰਬਾ ਮਰਨ ਵਰਤ ਵੀ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਇਹ ਅੰਦੋਲਨ 20 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਕਾਰਵਾਈ ਤੋਂ ਬਾਅਦ ਇਸ ਨੇ ਹੋਰ ਤੇਜ਼ੀ ਫੜ ਲਈ ਸੀ। ਇਸ ਦੌਰਾਨ ਕਈ ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਵੀ ਇਸ ਦਾ ਸਮਰਥਨ ਕੀਤਾ।

ਕਾਕਰੋਚ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁੱਖ ਮੰਗਾਂ ਮੰਨ ਲੈਣ ਤੋਂ ਬਾਅਦ ਅੰਦੋਲਨ ਵਾਪਸ ਲਿਆ ਗਿਆ ਹੈ। ਇਨ੍ਹਾਂ ਮੰਗਾਂ ਵਿੱਚ ਨੀਟ ਪੇਪਰ ਲੀਕ ਮਾਮਲੇ ਨਾਲ ਜੁੜੇ ਕਥਿਤ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਐਫਆਈਆਰ ਵਾਪਸ ਲੈਣਾ ਵੀ ਸ਼ਾਮਲ ਹੈ।

Exit mobile version