ਪਟਿਆਲਾ, 4 ਅਗਸਤ 2026 (ਦੀਪਕ ਦੱਤਾ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਆਰਟੀਫੀਸ਼ਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਸ ਨੇ AI ਨੂੰ ਸਮਰਪਿਤ ਇੱਕ ISSN-ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਜਰਨਲ ਸ਼ੁਰੂ ਕੀਤਾ ਹੈ।
ਯੂਨੀਵਰਸਿਟੀ ਦੇ ਅਧਿਕਾਰਕ ਜਰਨਲ International Journal of AI in Practice (IJAiP) ਨੂੰ ISSN: 3139-5856 ਪ੍ਰਾਪਤ ਹੋਇਆ ਹੈ। ਇਸ ਜਰਨਲ ਦੀ ਸ਼ੁਰੂਆਤ ਦਾ ਸਿਹਰਾ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੌਰਵ ਧੀਮਾਨ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ ਅਤੇ ਯਤਨਾਂ ਨਾਲ ਇਹ ਪ੍ਰੋਜੈਕਟ ਸਫਲ ਹੋਇਆ।
ਵਾਈਸ ਚਾਂਸਲਰ ਪ੍ਰੋ. (ਡਾ.) ਰੱਤਨ ਸਿੰਘ ਨੇ ਇਸ ਉਪਲਬਧੀ ਲਈ ਸਕੂਲ ਆਫ ਸਾਇੰਸਜ਼ ਐਂਡ ਇਮਰਜਿੰਗ ਟੈਕਨੋਲੋਜੀਜ਼ (SSET) ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਦਮ ਯੂਨੀਵਰਸਿਟੀ ਦੇ ਖੋਜ ਅਤੇ ਅਕਾਦਮਿਕ ਮਿਆਰਾਂ ਨੂੰ ਹੋਰ ਮਜ਼ਬੂਤ ਕਰੇਗਾ।
ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਇਹ ਜਰਨਲ ਖੋਜਕਰਤਾਵਾਂ, ਅਕਾਦਮਿਕ ਵਿਦਵਾਨਾਂ ਅਤੇ ਉਦਯੋਗ ਮਾਹਿਰਾਂ ਲਈ AI ਅਤੇ ਇਸ ਦੇ ਵਿਹਾਰਕ ਉਪਯੋਗਾਂ ਨਾਲ ਜੁੜੀ ਖੋਜ ਨੂੰ ਪ੍ਰਕਾਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ।







