ਗਾਜ਼ਾ, 25 ਅਗਸਤ, 2026 (ਛਤਰਪਾਲ ਸਿੰਘ) : ਗਾਜ਼ਾ ਵਿੱਚ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਵਿੱਚ 2 ਬੱਚਿਆਂ ਸਮੇਤ 8 ਫਲਸਤੀਨੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਜਾਣਕਾਰੀ ਮੁਤਾਬਕ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਗਾਜ਼ਾ ਤੋਂ ਗੁਬਾਰੇ ਛੱਡੇ ਜਾਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹਮਲੇ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਤੋਂ ਬਾਅਦ ਐਤਵਾਰ ਨੂੰ ਇਜ਼ਰਾਇਲੀ ਫੌਜ ਨੇ ਅਜ-ਜਵਾਇਦਾ ਇਲਾਕੇ ਵਿੱਚ ਇੱਕ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲਾ ਕੀਤਾ। ਹਮਲੇ ਕਾਰਨ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਮਲਬੇ ਵਿੱਚ ਤਬਦੀਲ ਹੋ ਗਈ। ਇਸ ਤੋਂ ਬਾਅਦ ਸਲਾਹ ਅਲ-ਦੀਨ ਸਟ੍ਰੀਟ ਦੇ ਆਲੇ-ਦੁਆਲੇ ਵੀ ਹਵਾਈ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਸਥਾਨਕ ਰਿਪੋਰਟਾਂ ਮੁਤਾਬਕ ਇਨ੍ਹਾਂ ਹਮਲਿਆਂ ਵਿੱਚ 4 ਸਾਲਾ ਮੁਹੰਮਦ ਅਬਦੈਲ ਸਲਾਮ ਤਾਹਾ ਦੀ ਵੀ ਮੌਤ ਹੋ ਗਈ। ਹਮਲਿਆਂ ਵਿੱਚ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ। ਗਾਜ਼ਾ ਵਿੱਚ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਕਾਰਨ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ।
