ਅਮਰੀਕਾ, 15 ਜੁਲਾਈ (ਜਤਿੰਦਰ ਗਰਗ): ਇਰਾਨ ਦੀ ਅਰਧ-ਸੈਨਿਕ ਫੋਰਸ ‘ਰਿਵੋਲੂਸ਼ਨਰੀ ਗਾਰਡ’ ਨੇ ਬੁੱਧਵਾਰ ਨੂੰ ਧਮਕੀ ਦਿੱਤੀ ਕਿ ਅਮਰੀਕਾ ਵੱਲੋਂ ਇਸਲਾਮਿਕ ਗਣਰਾਜ ਵਿਰੁੱਧ ਦੁਬਾਰਾ ਸਮੁੰਦਰੀ ਨਾਕਾਬੰਦੀ ਕੀਤੇ ਜਾਣ ਦੇ ਜਵਾਬ ਵਿੱਚ ਉਹ ਪੱਛਮੀ ਏਸ਼ੀਆ ਤੋਂ ਹੋਣ ਵਾਲੀ ਸਮੁੱਚੀ ਊਰਜਾ ਬਰਾਮਦ (ਨਿਰਯਾਤ) ਨੂੰ ਰੋਕ ਦੇਵੇਗਾ। ਇਸ ਦੌਰਾਨ, ਅਮਰੀਕੀ ਹਮਲਿਆਂ ਅਤੇ ਦੁਬਾਰਾ ਲਗਾਈ ਗਈ ਨਾਕਾਬੰਦੀ ਦੇ ਜਵਾਬ ਵਿੱਚ ਇਰਾਨ ਨੇ ਬੁੱਧਵਾਰ ਤੜਕੇ ਬਹਿਰੀਨ ਅਤੇ ਕੁਵੈਤ ‘ਤੇ ਵੀ ਹਮਲੇ ਕੀਤੇ।
ਬਹਿਰੀਨ ਵਿੱਚ ਮਿਜ਼ਾਈਲ ਹਮਲੇ ਦੀ ਚੇਤਾਵਨੀ ਦੇਣ ਵਾਲਾ ਸਾਇਰਨ ਵੱਜਿਆ ਅਤੇ ਕੁਵੈਤ ਦੀ ਫੌਜ ਨੇ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਉਨ੍ਹਾਂ ਦੇ ਨਿਸ਼ਾਨੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਕਰਨ ਲਈ ਕਾਰਵਾਈ ਕਰ ਰਹੀਆਂ ਹਨ।
ਬਹਿਰੀਨ ਅਤੇ ਕੁਵੈਤ ਦੋਵਾਂ ਦੇਸ਼ਾਂ ਵਿੱਚ ਅਮਰੀਕੀ ਫੌਜ ਤਾਇਨਾਤ ਹੈ। ਹੋਰਮੂਜ਼ ਜਲਡਮਰੂਮੱਧ (Strait of Hormuz) ਨੂੰ ਲੈ ਕੇ ਤਣਾਅ ਵਧਣ ਦਰਮਿਆਨ ਇਰਾਨ ਨੇ ਦੋਵਾਂ ਦੇਸ਼ਾਂ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਹੈ। ਹੋਰਮੂਜ਼ ਜਲਡਮਰੂਮੱਧ ‘ਤੇ ਕੰਟਰੋਲ ਨੂੰ ਲੈ ਕੇ ਅਮਰੀਕਾ ਕਈ ਦਿਨਾਂ ਤੋਂ ਇਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰ ਰਿਹਾ ਹੈ ਅਤੇ ਇਰਾਨ ਵੀ ਜਵਾਬੀ ਹਮਲੇ ਕਰ ਰਿਹਾ ਹੈ।
ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਵਿੱਚ ਤੇਲ ਅਤੇ ਕੁਦਰਤੀ ਗੈਸ ਦਾ ਜੋ ਕੁੱਲ ਕਾਰੋਬਾਰ ਹੁੰਦਾ ਸੀ, ਉਸ ਦਾ ਪੰਜਵਾਂ ਹਿੱਸਾ ਇਸੇ ਜਲਡਮਰੂਮੱਧ ਤੋਂ ਹੋ ਕੇ ਲੰਘਦਾ ਸੀ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇੱਕ ਬਿਆਨ ਵਿੱਚ ਰਿਵੋਲੂਸ਼ਨਰੀ ਗਾਰਡ ਨੇ ਖੇਤਰ ਤੋਂ ਤੇਲ ਅਤੇ ਗੈਸ ਦੀ ਬਰਾਮਦ ਰੋਕਣ ਦੀ ਧਮਕੀ ਦਿੱਤੀ। ਉਸਨੇ ਕਿਹਾ, ‘‘ਖੇਤਰ ਤੋਂ ਤੇਲ ਅਤੇ ਗੈਸ ਦੀ ਬਰਾਮਦ ਜਾਂ ਤਾਂ ਸਾਰਿਆਂ ਲਈ ਹੋਵੇਗੀ ਜਾਂ ਫਿਰ ਕਿਸੇ ਲਈ ਵੀ ਨਹੀਂ।’’
