ਨਵੀਂ ਦਿੱਲੀ:6 ਜੁਲਾਈ (ਛਤਰਪਾਲ ਸਿੰਘ): ਗਲੋਬਲ ਪਾਸਪੋਰਟ ਇੰਡੈਕਸ (GPI) 2026 ਵਿੱਚ ਭਾਰਤ ਨੂੰ 197 ਦੇਸ਼ਾਂ ਵਿੱਚੋਂ 125ਵਾਂ ਸਥਾਨ ਮਿਲਿਆ ਹੈ। ਪਿਛਲੇ ਸਾਲ ਭਾਰਤ 124ਵੇਂ ਸਥਾਨ ‘ਤੇ ਸੀ, ਇਸ ਤਰ੍ਹਾਂ ਇਸ ਸਾਲ ਇੱਕ ਦਰਜਾ ਹੇਠਾਂ ਆ ਗਿਆ ਹੈ। ਇਸ ਦੇ ਬਾਵਜੂਦ ਭਾਰਤ ਅਜੇ ਵੀ ਟਾਪ-100 ਦੇਸ਼ਾਂ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ।
ਇਸ ਸੂਚੀ ਵਿੱਚ ਨਾਮੀਬੀਆ 124ਵੇਂ ਅਤੇ ਅਜ਼ਰਬਾਈਜਾਨ 126ਵੇਂ ਸਥਾਨ ‘ਤੇ ਹਨ। ਸਵੀਡਨ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਮਜ਼ਬੂਤ ਪਾਸਪੋਰਟ ਮੰਨਿਆ ਗਿਆ ਹੈ ਅਤੇ ਉਹ ਪਹਿਲੇ ਸਥਾਨ ‘ਤੇ ਹੈ।
ਗਲੋਬਲ ਪਾਸਪੋਰਟ ਇੰਡੈਕਸ 2026 ਦੇ ਟਾਪ-10 ਦੇਸ਼
ਸਵੀਡਨ
ਸਵਿਟਜ਼ਰਲੈਂਡ
ਫਿਨਲੈਂਡ
ਜਰਮਨੀ
ਨੀਦਰਲੈਂਡ
ਡੈਨਮਾਰਕ
ਆਇਰਲੈਂਡ
ਯੂਨਾਈਟਿਡ ਕਿੰਗਡਮ
ਨਾਰਵੇ
ਸਿੰਗਾਪੁਰ
ਭਾਰਤੀ ਪਾਸਪੋਰਟ ਨਾਲ ਕਿੰਨੇ ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ?
ਰਿਪੋਰਟ ਮੁਤਾਬਕ, ਭਾਰਤੀ ਪਾਸਪੋਰਟ ਧਾਰਕ 26 ਦੇਸ਼ਾਂ ਵਿੱਚ ਵੀਜ਼ਾ-ਮੁਕਤ (Visa-Free) ਯਾਤਰਾ ਕਰ ਸਕਦੇ ਹਨ।
ਇਸ ਤੋਂ ਇਲਾਵਾ ਭਾਰਤੀ ਨਾਗਰਿਕਾਂ ਨੂੰ ਕਈ ਦੇਸ਼ਾਂ ਵਿੱਚ ਵੀਜ਼ਾ ਆਨ ਅਰਾਈਵਲ (Visa on Arrival) ਦੀ ਸਹੂਲਤ ਵੀ ਮਿਲਦੀ ਹੈ। ਇਨ੍ਹਾਂ ਵਿੱਚ ਭੂਟਾਨ, ਜਮੈਕਾ, ਮਕਾਉ, ਨੇਪਾਲ, ਫ਼ਿਲੀਸਤਿਨ, ਟਿਊਨੀਸ਼ੀਆ, ਅੰਗੋਲਾ ਅਤੇ ਬਾਰਬਾਡੋਸ ਵਰਗੇ ਦੇਸ਼ ਸ਼ਾਮਲ ਹਨ।
ਹਾਲਾਂਕਿ, 88 ਦੇਸ਼ਾਂ ਵਿੱਚ ਯਾਤਰਾ ਕਰਨ ਲਈ ਭਾਰਤੀ ਨਾਗਰਿਕਾਂ ਨੂੰ ਪਹਿਲਾਂ ਤੋਂ ਵੀਜ਼ਾ ਲੈਣਾ ਲਾਜ਼ਮੀ ਹੈ।
ਕੀ ਹੈ ਗਲੋਬਲ ਪਾਸਪੋਰਟ ਇੰਡੈਕਸ?
ਗਲੋਬਲ ਪਾਸਪੋਰਟ ਇੰਡੈਕਸ (Global Passport Index – GPI) ਇੱਕ ਇੰਟਰਐਕਟਿਵ ਆਨਲਾਈਨ ਸੂਚਕਾਂਕ ਹੈ, ਜੋ ਦੁਨੀਆ ਦੇ ਪਾਸਪੋਰਟਾਂ ਦੀ ਰੈਂਕਿੰਗ ਇਸ ਆਧਾਰ ‘ਤੇ ਕਰਦਾ ਹੈ ਕਿ ਕਿਸੇ ਪਾਸਪੋਰਟ ਧਾਰਕ ਨੂੰ ਪਹਿਲਾਂ ਤੋਂ ਵੀਜ਼ਾ ਲਏ ਬਿਨਾਂ ਜਾਂ ਵੀਜ਼ਾ ਆਨ ਅਰਾਈਵਲ ਰਾਹੀਂ ਕਿੰਨੇ ਦੇਸ਼ਾਂ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਮਿਲਦੀ ਹੈ।
ਇਸ ਵਿੱਚ ਹਰ ਪਾਸਪੋਰਟ ਨੂੰ ਇੱਕ ਮੋਬਿਲਿਟੀ ਸਕੋਰ (Mobility Score – MS) ਦਿੱਤਾ ਜਾਂਦਾ ਹੈ, ਜਿਸ ਵਿੱਚ ਵੀਜ਼ਾ-ਫ੍ਰੀ ਅਤੇ ਵੀਜ਼ਾ ਆਨ ਅਰਾਈਵਲ ਦੋਵਾਂ ਸਹੂਲਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਿਸ ਪਾਸਪੋਰਟ ਦਾ ਮੋਬਿਲਿਟੀ ਸਕੋਰ ਜਿੰਨਾ ਉੱਚਾ ਹੁੰਦਾ ਹੈ, ਉਸ ਪਾਸਪੋਰਟ ਧਾਰਕ ਨੂੰ ਉੱਨੇ ਹੀ ਵੱਧ ਦੇਸ਼ਾਂ ਵਿੱਚ ਬਿਨਾਂ ਪਹਿਲਾਂ ਤੋਂ ਵੀਜ਼ਾ ਪ੍ਰਾਪਤ ਕੀਤੇ ਯਾਤਰਾ ਕਰਨ ਦੀ ਸਹੂਲਤ ਮਿਲਦੀ ਹੈ।








