ਨਵੀਂ ਦਿੱਲੀ, 22 ਜੁਲਾਈ 2026 (ਸ਼ਹੀਦ-ਏ-ਆਜ਼ਮ ਬਿਊਰੋ) : ਭਾਰਤੀ ਜਲ ਸੈਨਾ ਨੇ ਆਈਐਨਐਸ ‘ਮਾਲਵਨ’ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕਰ ਲਿਆ ਹੈ। ਮਹੇ (ਮਾਹੇ ) ਕਲਾਸ ਦਾ ਇਹ ਦੂਜਾ ਐਂਟੀ -ਸਬਮਾਰੀਨ ਵਾਰਫੇਅਰ ਸ਼ੈਲੋ ਵਾਟਰ ਕਰਾਫਟ(ਏਐਸਡਬਲਿਊ -ਐੱਸਡਬਲਯੂਸੀ ) ਹੈ, ਜਿਸ ਨੂੰ ਕਰਨਾਟਕ ਦੇ ਕਾਰਵਾਰ ਵਿੱਚ ਹੋਏ ਸਮਾਰੋਹ ਦੌਰਾਨ ਕਮਿਸ਼ਨ ਕੀਤਾ ਗਿਆ। ਸਮਾਰੋਹ ਦੀ ਅਗਵਾਈ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੇ ਕੀਤੀ। ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐਸਐਲ ) ਵੱਲੋਂ ਬਣਾਇਆ ਗਿਆ ਆਈਐਨਐਸ ਮਾਲਵਨ ਪੂਰੀ ਤਰ੍ਹਾਂ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ਪ੍ਰੋਗਰਾਮ ਦਾ ਹਿੱਸਾ ਹੈ। ਇਸ ਵਿੱਚ 80 ਫ਼ੀਸਦੀ ਤੋਂ ਵੱਧ ਸਵਦੇਸ਼ੀ ਸਮੱਗਰੀ ਵਰਤੀ ਗਈ ਹੈ। ਇਸ ਨਾਲ ਭਾਰਤ ਦੀ ਘਰੇਲੂ ਜੰਗੀ ਜਹਾਜ਼ ਨਿਰਮਾਣ ਸਮਰੱਥਾ ਅਤੇ ‘ਆਤਮਨਿਰਭਰ ਭਾਰਤ’ ਪਹਿਲ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਪਣਡੁੱਬੀ ਰੋਧੀ ਕਾਰਵਾਈ ਲਈ ਖ਼ਾਸ ਤਿਆਰ: ਆਈਐਨਐਸ ਮਾਲਵਨ ਨੂੰ ਖ਼ਾਸ ਤੌਰ ’ਤੇ ਤੱਟੀ ਅਤੇ ਘੱਟ ਡੂੰਘਾਈ ਵਾਲੇ ਸਮੁੰਦਰੀ ਇਲਾਕਿਆਂ ਵਿੱਚ ਪਣਡੁੱਬੀਆਂ ਦੀ ਨਿਗਰਾਨੀ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਆਧੁਨਿਕ ਰਡਾਰ, ਸੋਨਾਰ, ਟਾਰਪੀਡੋ ਅਤੇ ਐਂਟੀ-ਸਬਮਰੀਨ ਰਾਕੇਟ ਪ੍ਰਣਾਲੀਆਂ ਸਮੇਤ ਕਈ ਸੈਂਸਰ ਅਤੇ ਹਥਿਆਰ ਪ੍ਰਣਾਲੀਆਂ ਹਨ। ਇਸ ਤੋਂ ਇਲਾਵਾ ਇਹ ਅੰਡਰਵਾਟਰ ਸਰਵੇਲੈਂਸ, ਮਾਈਨ ਵਾਰਫੇਅਰ ਅਤੇ ਘੱਟ-ਤੀਬਰਤਾ ਵਾਲੀਆਂ ਸਮੁੰਦਰੀ ਕਾਰਵਾਈਆਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਲਗਭਗ 80 ਮੀਟਰ ਲੰਬਾ ਅਤੇ 1,100 ਟਨ ਵਿਸਥਾਪਨ ਵਾਲਾ ਇਹ ਜਹਾਜ਼ ਵਾਟਰਜੈੱਟ ਪ੍ਰੋਪਲਸ਼ਨ ਨਾਲ ਲੈਸ ਹੈ, ਜਿਸ ਨਾਲ ਘੱਟ ਡੂੰਘਾਈ ਵਾਲੇ ਪਾਣੀਆਂ ਵਿੱਚ ਚਾਲ ਅਤੇ ਸੰਚਾਲਨ ਲਈ ਇਸ ਨੂੰ ਤਿਆਰ ਕੀਤਾ ਗਿਆ ਹੈ।
16 ਜਹਾਜ਼ਾਂ ਦੇ ਵੱਡੇ ਪ੍ਰੋਗਰਾਮ ਦਾ ਹਿੱਸਾ: ਆਈਐਨਐਸ ਮਾਲਵਨ 16 ਏਐਸਡਬਲਯੂ -ਐਸਡਬਲਿਊਸੀ ਜਹਾਜ਼ਾਂ ਦੇ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਮਹੇ ਕਲਾਸ ਦੇ ਅੱਠ ਜਹਾਜ਼ਾਂ ਵਿੱਚੋਂ ਦੂਜਾ ਹੈ। ਇਸ ਦੀ ਤਾਇਨਾਤੀ ਨਾਲ ਭਾਰਤੀ ਤੱਟੀ ਸੁਰੱਖਿਆ, ਸਮੁੰਦਰੀ ਨਿਗਰਾਨੀ ਅਤੇ ਮਾਰੀਟਾਈਮ ਡੋਮੇਨ ਅਵੇਅਰਨੈੱਸ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਜਹਾਜ਼ ਦਾ ਨਾਮ ਮਹਾਰਾਸ਼ਟਰ ਦੇ ਇਤਿਹਾਸਕ ਤੱਟੀ ਸ਼ਹਿਰ ਮਾਲਵਨ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਦੇ ਕ੍ਰੈਸਟ ’ਤੇ ‘ਬਾਘ ਨਖਾ’ ਦਰਸਾਇਆ ਗਿਆ ਹੈ ਅਤੇ ਇਸ ਦਾ ਮੋਟੋ ‘ਸਾਈਲੈਂਟ ਕਲੌਜ਼ ’ ਹੈ। ਆਈਐਨਐਸ ਮਾਲਵਨ ਦੀ ਸ਼ਮੂਲੀਅਤ ਭਾਰਤੀ ਜਲ ਸੈਨਾ ਦੀ ਤੱਟੀ ਪਣਡੁੱਬੀ-ਰੋਧੀ ਸਮਰੱਥਾ ਨੂੰ ਵਧਾਉਣ ਦੇ ਨਾਲ ਦੇਸ਼ ਦੇ ਸਵਦੇਸ਼ੀ ਰੱਖਿਆ ਉਤਪਾਦਨ ਅਤੇ ਜੰਗੀ ਜਹਾਜ਼ ਨਿਰਮਾਣ ਖੇਤਰ ਲਈ ਵੀ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
