ਨਵੀਂ ਦਿੱਲੀ, 1 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਾਈਦੁਬਈ ਦੀ ਉਡਾਣ FZ1073 ਦੇ ਭਾਰਤੀ ਕਪਤਾਨ ਸਮਿਤ ਮੱਛਰ ਦੀ ਹਿੰਮਤ ਅਤੇ ਫਰਜ਼ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਹੈ। ਮੋਦੀ ਨੇ ਕਪਤਾਨ ਨੂੰ “ਹੀਰੋ” ਦੱਸਦਿਆਂ ਕਿਹਾ ਕਿ ਗੰਭੀਰ ਖਤਰੇ ਅਤੇ ਸੱਟਾਂ ਦੇ ਬਾਵਜੂਦ ਉਨ੍ਹਾਂ ਨੇ ਯਾਤਰੀਆਂ ਦੀ ਜਾਨ ਬਚਾਉਣ ਲਈ ਹੌਸਲਾ ਦਿਖਾਇਆ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਲਿਖਿਆ ਕਿ ਕਪਤਾਨ ਸਮਿਤ ਮੱਛਰ ਨੇ ਗੰਭੀਰ ਖਤਰੇ ਦਾ ਸਾਹਮਣਾ ਕਰਦੇ ਹੋਏ ਵੀ ਹੋਰਨਾਂ ਦੀ ਜ਼ਿੰਦਗੀ ਦੀ ਰੱਖਿਆ ਲਈ ਅਟੁੱਟ ਹਿੰਮਤ ਦਿਖਾਈ। ਉਨ੍ਹਾਂ ਕਿਹਾ ਕਿ ਕਪਤਾਨ ਦੀ ਬਹਾਦਰੀ ਨੇ ਵੱਡੀ ਤ੍ਰਾਸਦੀ ਨੂੰ ਟਾਲਣ ਅਤੇ ਸੈਂਕੜੇ ਜਾਨਾਂ ਬਚਾਉਣ ਵਿੱਚ ਮਦਦ ਕੀਤੀ। ਮੋਦੀ ਨੇ ਕਪਤਾਨ ਦੇ ਜਲਦੀ ਸਿਹਤਯਾਬ ਹੋਣ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਵੀ ਕੀਤੀ।
ਉਡਾਣ ਦੌਰਾਨ ਵਾਪਰੀ ਸੀ ਗੰਭੀਰ ਘਟਨਾ : ਇਹ ਘਟਨਾ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਟ ਦੌਰਾਨ ਵਾਪਰੀ। ਰਿਪੋਰਟਾਂ ਅਨੁਸਾਰ ਕਪਤਾਨ ਸਮਿਤ ਮੱਛਰ ’ਤੇ ਉਸ ਦੇ ਸਹਿ-ਪਾਇਲਟ ਨੇ ਕਥਿਤ ਤੌਰ ’ਤੇ ਹਮਲਾ ਕਰਕੇ ਉਸ ਨੂੰ ਚਾਕੂ ਮਾਰ ਦਿੱਤਾ। ਇਸ ਦੌਰਾਨ ਜਹਾਜ਼ ਅਚਾਨਕ ਹੇਠਾਂ ਵੱਲ ਜਾਣ ਲੱਗਾ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੰਭੀਰ ਸੱਟਾਂ ਦੇ ਬਾਵਜੂਦ ਕਪਤਾਨ ਮੱਛਰ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ। ਇਸ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੇ ਦਖ਼ਲ ਦੇ ਕੇ ਕਥਿਤ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ। ਜਹਾਜ਼ ਨੂੰ ਸਾਊਦੀ ਅਰਬ ਵੱਲ ਮੋੜ ਦਿੱਤਾ ਗਿਆ, ਜਿੱਥੇ ਇਸ ਨੇ ਸੁਰੱਖਿਅਤ ਲੈਂਡਿੰਗ ਕੀਤੀ। ਫਲਾਈਦੁਬਈ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਲਾਈਟ ਡੈੱਕ ਵਿੱਚ ਇੱਕ ਝਗੜਾ ਹੋਇਆ ਸੀ ਅਤੇ ਡਿਊਟੀ ’ਤੇ ਮੌਜੂਦ ਕ੍ਰੂ ਮੈਂਬਰਾਂ ਨੇ ਸਥਿਤੀ ਨੂੰ ਕਾਬੂ ਕਰਕੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਡਾਇਵਰਟ ਕੀਤਾ।
ਯਾਤਰੀਆਂ ਨੇ ਵੀ ਨਿਭਾਈ ਅਹਿਮ ਭੂਮਿਕਾ : ਘਟਨਾ ਦੌਰਾਨ ਯਾਤਰੀਆਂ ਨੇ ਵੀ ਹਿੰਮਤ ਦਿਖਾਈ। ਰਿਪੋਰਟਾਂ ਮੁਤਾਬਕ ਇਜ਼ਰਾਈਲੀ ਯਾਤਰੀ ਯਾਨਿਵ ਹਾਯੂਨ ਨੇ ਹੋਰਨਾਂ ਨਾਲ ਮਿਲ ਕੇ ਕਥਿਤ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਉਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਪਤਾਨ ਮੱਛਰ ਨੂੰ ਹੀਰੋ ਦੱਸਿਆ ਅਤੇ ਘਟਨਾ ਦੌਰਾਨ ਉਨ੍ਹਾਂ ਵੱਲੋਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਨੂੰ ਮਹੱਤਵਪੂਰਨ ਦੱਸਿਆ।
ਭਾਰਤੀ ਅਤੇ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਸ਼ਲਾਘਾ : ਕਪਤਾਨ ਸਮਿਤ ਮੱਛਰ ਦੀ ਬਹਾਦਰੀ ਦੀ ਭਾਰਤੀ ਅਤੇ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੰਭੀਰ ਸੱਟਾਂ ਦੇ ਬਾਵਜੂਦ ਕਪਤਾਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ, ਜਿਸ ਨਾਲ ਯਾਤਰੀਆਂ ਅਤੇ ਯੂਏਈ ਦੇ ਕ੍ਰੂ ਮੈਂਬਰਾਂ ਨੂੰ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ। ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਕਪਤਾਨ ਦੀ ਹਿੰਮਤ, ਸੰਯਮ ਅਤੇ ਫਰਜ਼ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਵੀ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।
13 ਸਾਲ ਤੋਂ ਵੱਧ ਦਾ ਹਵਾਬਾਜ਼ੀ ਤਜਰਬਾ : ਕਪਤਾਨ ਸਮਿਤ ਮੱਛਰ ਕੋਲ ਵਪਾਰਕ ਹਵਾਬਾਜ਼ੀ ਦਾ 13 ਸਾਲ ਤੋਂ ਵੱਧ ਦਾ ਤਜਰਬਾ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਲਗਭਗ 9,750 ਘੰਟਿਆਂ ਦੀ ਉਡਾਣ ਭਰੀ ਹੈ ਅਤੇ ਮੁੱਖ ਤੌਰ ’ਤੇ ਬੋਇੰਗ 737 ਜਹਾਜ਼ ਉਡਾਏ ਹਨ। ਫਲਾਈਦੁਬਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਭਾਰਤੀ ਏਅਰਲਾਈਨ ਸਪਾਈਸਜੈੱਟ ਨਾਲ ਲਗਭਗ 11 ਸਾਲ ਜੁੜੇ ਰਹੇ ਅਤੇ ਲਾਈਨ ਟ੍ਰੇਨਿੰਗ ਕਪਤਾਨ ਵਜੋਂ ਵੀ ਸੇਵਾ ਨਿਭਾਈ। ਇਸ ਘਟਨਾ ਦੇ ਕਾਰਨਾਂ ਅਤੇ ਕਥਿਤ ਹਮਲੇ ਦੇ ਮਕਸਦ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਫਲਾਈਦੁਬਈ ਨੇ ਇਜ਼ਰਾਈਲ ਲਈ ਅਤੇ ਇਜ਼ਰਾਈਲ ਤੋਂ ਆਪਣੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
