Home ਹਰਿਆਣਾ ਵਿਕਸਿਤ ਭਾਰਤ-2047 ਦੇ ਵਿਜ਼ਨ ਅਨੁਸਾਰ ਦੇਸ਼ ਦਾ ਸਭ ਤੋਂ ਪਹਿਲਾ ਵਿਕਸਿਤ ਸੂਬਾ...

ਵਿਕਸਿਤ ਭਾਰਤ-2047 ਦੇ ਵਿਜ਼ਨ ਅਨੁਸਾਰ ਦੇਸ਼ ਦਾ ਸਭ ਤੋਂ ਪਹਿਲਾ ਵਿਕਸਿਤ ਸੂਬਾ ਬਣੇਗਾ ਹਰਿਆਣਾ : ਨਾਇਬ ਸਿੰਘ ਸੈਣੀ

Haryana CM Nayab Singh Saini Announces Six Development Projects Worth ₹44.83 Crore in Pipli, Ladwa and Thanesar, Reaffirming His Vision of Making Haryana India's First Developed State.

0

ਕੁਰੂਕਸ਼ੇਤਰ/ਪਿਪਲੀ, 16 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ-2047 ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ ਵਿਕਸਿਤ ਭਾਰਤ-2047 ਦੇ ਵਿਜ਼ਨ ਅਨੁਸਾਰ ਹਰਿਆਣਾ ਦੇਸ਼ ਦਾ ਸਭ ਤੋਂ ਪਹਿਲਾ ਵਿਕਸਿਤ ਸੂਬਾ ਬਣੇ। ਸਰਕਾਰ ਜੋ ਕਹਿੰਦੀ ਹੈ, ਉਸ ਨੂੰ ਅਮਲ ਵਿੱਚ ਲਿਆ ਕੇ ਵੀ ਦਿਖਾ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਸੰਕਲਪ ਪੱਤਰ ਵਿੱਚ ਸ਼ਾਮਲ 217 ਵਾਅਦਿਆਂ ਵਿੱਚੋਂ 76 ਵਾਅਦੇ ਸਿਰਫ਼ ਦੋ ਸਾਲਾਂ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ 141 ਵਾਅਦਿਆਂ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਖੇਤਰ ਦਾ ਵਿਕਾਸ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਆਉਣ ਵਾਲੀਆਂ ਸਹੂਲਤਾਂ ਅਤੇ ਬਦਲਾਅ ਰਾਹੀਂ ਮਾਪਿਆ ਜਾਂਦਾ ਹੈ। ਜਦੋਂ ਘਰ-ਵਿਹੜੇ ਤੋਂ ਲੈ ਕੇ ਪਿੰਡ ਦੀ ਸੱਥ ਤੱਕ ਵਿਕਾਸ ਦਿਖਾਈ ਦੇਵੇ, ਤਾਂ ਹੀ ਵਿਕਾਸ ਦਾ ਵਾਅਦਾ ਹਕੀਕਤ ਵਿੱਚ ਬਦਲਦਾ ਹੈ। ਜਨ ਸੇਵਾ ਸਾਡੇ ਲਈ ਸਿਰਫ਼ ਪ੍ਰਸ਼ਾਸਨਿਕ ਰਸਮ ਨਹੀਂ, ਸਗੋਂ ਲੋਕਾਂ ਪ੍ਰਤੀ ਸਾਡਾ ਫਰਜ਼ ਹੈ। ਮੁੱਖ ਮੰਤਰੀ ਐਤਵਾਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਨੀਲਧਾਰੀ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿਪਲੀ, ਲਾਡਵਾ ਅਤੇ ਥਾਨੇਸਰ ਖੇਤਰ ਨੂੰ 44 ਕਰੋੜ 83 ਲੱਖ ਰੁਪਏ ਦੀਆਂ 6 ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ 13 ਕਰੋੜ 36 ਲੱਖ ਰੁਪਏ ਦੀ ਲਾਗਤ ਵਾਲੀਆਂ 4 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ 31 ਕਰੋੜ 47.40 ਲੱਖ ਰੁਪਏ ਦੀਆਂ 2 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਛੱਠ ਪੂਜਾ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਅਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਵੀ ਮੌਜੂਦ ਸਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਸਾਡੀ ਸਭਿਅਤਾ, ਆਸਥਾ ਅਤੇ ਜੀਵਨ ਦਰਸ਼ਨ ਦਾ ਕੇਂਦਰ ਹੈ। ਇਸੇ ਪਵਿੱਤਰ ਧਰਤੀ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕਰਮ, ਫਰਜ਼ ਅਤੇ ਲੋਕ ਭਲਾਈ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਸੀ। ਅੱਜ ਸ਼ੁਰੂ ਕੀਤੀਆਂ ਗਈਆਂ ਵਿਕਾਸ ਪਰਿਯੋਜਨਾਵਾਂ ਉਸੇ ਕਰਮ ਅਤੇ ਸੰਕਲਪ ਦੀ ਭਾਵਨਾ ਨੂੰ ਅੱਗੇ ਵਧਾਉਣ ਦਾ ਯਤਨ ਹਨ। ਉਨ੍ਹਾਂ ਦੱਸਿਆ ਕਿ ਲਾਡਵਾ ਹਲਕੇ ਦੇ ਪਿਪਲੀ, ਬੀੜ ਪਿਪਲੀ ਅਤੇ ਪਿਪਲੀ-ਲਾਡਵਾ ਰੋਡ ਨਾਲ ਲੱਗਦੀਆਂ ਕਾਲੋਨੀਆਂ ਵਿੱਚ 22 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਣਾਲੀ ਅਤੇ 6.50 ਐੱਮ.ਐੱਲ.ਡੀ. ਸਮਰੱਥਾ ਵਾਲੇ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਕਈ ਸਾਲਾਂ ਤੋਂ ਚੱਲ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸੈਕਟਰ-28 ਅਤੇ ਜੋਗਨਾ ਖੇੜਾ ਵਿੱਚ 12 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 33 ਕੇ.ਵੀ. ਦੇ ਦੋ ਬਿਜਲੀ ਸਬ-ਸਟੇਸ਼ਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨਾਲ ਬਿਜਲੀ ਸਪਲਾਈ ਹੋਰ ਮਜ਼ਬੂਤ ਹੋਵੇਗੀ। ਮਿਰਜ਼ਾਪੁਰ ਅਤੇ ਦਿਆਲਪੁਰ ਵਿੱਚ ਉਪ-ਸਿਹਤ ਕੇਂਦਰ ਵੀ ਸ਼ੁਰੂ ਕੀਤੇ ਗਏ ਹਨ। ਹੁਣ ਲੋਕਾਂ ਨੂੰ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ ਅਤੇ ਪਿੰਡਾਂ ਵਿੱਚ ਹੀ ਸਿਹਤ ਸਹੂਲਤਾਂ ਮਿਲਣਗੀਆਂ।

ਉਨ੍ਹਾਂ ਕਿਹਾ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਕੇ.ਡੀ.ਬੀ. ਰੋਡ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕੀਤਾ ਜਾਵੇਗਾ। ਹੁਣ ਧਰਮਨਗਰੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਸ਼ਾਨਦਾਰ ਕੁਰੂਕਸ਼ੇਤਰ ਗੇਟ ਅਤੇ ਉਮਰੀ ਗੇਟ ਸਵਾਗਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਲਾਡਵਾ ਵਿੱਚ 50 ਬਿਸਤਰਿਆਂ ਵਾਲਾ ਸਿਵਲ ਹਸਪਤਾਲ ਬਣਾਇਆ ਗਿਆ ਹੈ। ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੁਰੂਕਸ਼ੇਤਰ ਦਾ ਐਲੀਵੇਟਿਡ ਰੇਲਵੇ ਟਰੈਕ ਲੋਕਾਂ ਨੂੰ ਸਮਰਪਿਤ ਕੀਤਾ ਜਾ ਚੁੱਕਾ ਹੈ। ਰੋਹਤਕ ਤੋਂ ਬਾਅਦ ਇਹ ਦੇਸ਼ ਦਾ ਦੂਜਾ ਅਜਿਹਾ ਰੇਲਵੇ ਟਰੈਕ ਹੈ। ਖੇੜੀ ਰਾਮਨਗਰ ਵਿੱਚ ਨਰਸਿੰਗ ਕਾਲਜ ਦਾ ਨਿਰਮਾਣ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ 164 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਪਾਂਚਜਨਯ ਦੀ ਪ੍ਰਤੀਕ੍ਰਿਤੀ ਦਾ ਉਦਘਾਟਨ ਵੀ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਵਿਕਸਿਤ ਹਰਿਆਣਾ ਵੱਲ ਠੋਸ ਕਦਮ ਹਨ। ਇਸ ਵਿੱਚ ਜਨ ਪ੍ਰਤੀਨਿਧੀਆਂ ਅਤੇ ਨਾਗਰਿਕਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੀਆਂ ਲੋੜਾਂ ਅਤੇ ਨਿਰਮਾਣ ਕਾਰਜਾਂ ਦੀ ਸਥਿਤੀ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਂਦੇ ਰਹਿਣ, ਤਾਂ ਜੋ ਹਰ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ। ਉਨ੍ਹਾਂ ਪਿਪਲੀ, ਲਾਡਵਾ, ਥਾਨੇਸਰ ਅਤੇ ਪੂਰੇ ਕੁਰੂਕਸ਼ੇਤਰ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਅਸੀਂ ਸਾਰੇ ਮਿਲ ਕੇ ਅਜਿਹਾ ਕੁਰੂਕਸ਼ੇਤਰ ਬਣਾਵਾਂਗੇ, ਜਿੱਥੇ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਸਾਡੀ ਸੱਭਿਆਚਾਰਕ ਪਛਾਣ ਵੀ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਪੁਲਿਸ ਸੁਪਰਡੈਂਟ ਚੰਦਰਮੋਹਨ, ਵਧੀਕ ਡਿਪਟੀ ਕਮਿਸ਼ਨਰ ਪੰਕਜ ਸੇਤੀਆ, ਚੇਅਰਮੈਨ ਰਵਿੰਦਰ ਸਾਂਗਵਾਨ, ਚੇਅਰਮੈਨ ਗੁਰਨਾਮ ਸਿੰਘ ਸੈਣੀ, ਚੇਅਰਮੈਨ ਸੁਭਾਸ਼ ਕਲਸਾਨਾ, ਭਾਜਪਾ ਆਗੂ ਜੈ ਭਗਵਾਨ ਸ਼ਰਮਾ ਡੀ.ਡੀ., ਚੇਅਰਪਰਸਨ ਕੰਵਲਜੀਤ ਕੌਰ, ਚੇਅਰਪਰਸਨ ਮਾਫੀ ਢਾਂਡਾ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਸੂਬਾ ਪ੍ਰਧਾਨ ਅਵਨੀਤ ਵਡੈਚ, ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਮੰਡਲ ਪ੍ਰਧਾਨ ਅਮਰਿੰਦਰ ਸਿੰਘ, ਮਹਲ ਪ੍ਰਧਾਨ ਸ਼ਿਵ ਗੁਪਤਾ, ਕੌਂਸਲਰ ਪੰਕਜ ਖੰਨਾ, ਕੌਂਸਲਰ ਮਾਨਕ ਸਿੰਘ, ਸਤਨਾਮ ਸਿੰਘ, ਦੀਪ ਚੰਦ ਸੈਣੀ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਸਾਲ 2035 ਤੱਕ ਵਿਕਸਿਤ ਭਾਰਤ ਦੇ ਟੀਚੇ ਤਹਿਤ ਵਿਕਸਿਤ ਸੂਬੇ ਵਜੋਂ ਉਭਰੇਗਾ ਹਰਿਆਣਾ : ਨਵੀਨ ਜਿੰਦਲ

ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੂਰੇ ਸੂਬੇ ਵਿੱਚ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਹੋ ਰਹੇ ਹਨ। ਇਸੇ ਗਤੀ ਨਾਲ ਹਰਿਆਣਾ ਸਾਲ 2035 ਤੱਕ ਵਿਕਸਿਤ ਭਾਰਤ ਦੇ ਟੀਚੇ ਤਹਿਤ ਇੱਕ ਵਿਕਸਿਤ ਸੂਬੇ ਵਜੋਂ ਉਭਰੇਗਾ ਅਤੇ ਹੋਰ ਸੂਬੇ ਵੀ ਹਰਿਆਣਾ ਤੋਂ ਪ੍ਰੇਰਣਾ ਲੈਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰ ਵਰਗ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਵੀ ਕੀਤਾ ਜਾ ਰਿਹਾ ਹੈ। ਅੱਜ ਸੂਬੇ ਦਾ ਹਰ ਵਰਗ ਖੁਸ਼ਹਾਲ ਹੈ ਅਤੇ ਹਰਿਆਣਾ ਲਗਾਤਾਰ ਵਿਕਸਿਤ ਸੂਬਾ ਬਣਨ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ 10 ਗੁਣਾ ਤੇਜ਼ੀ ਨਾਲ ਹੋ ਰਹੇ ਹਨ ਵਿਕਾਸ ਕਾਰਜ : ਸੁਭਾਸ਼ ਸੁਧਾ

ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪਿਪਲੀ ਵਿਕਾਸ ਦੇ ਖੇਤਰ ਵਿੱਚ ਨਵੀਂ ਪਛਾਣ ਬਣਾ ਰਿਹਾ ਹੈ। ਸੂਬੇ ਵਿੱਚ ਵਿਕਾਸ ਕਾਰਜ 10 ਗੁਣਾ ਤੇਜ਼ ਰਫ਼ਤਾਰ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਜੀ ਦੀ ਯਾਤਰਾ ਉਮਰੀ ਪਹੁੰਚ ਰਹੀ ਹੈ। ਇਸ ਯਾਤਰਾ ਦਾ ਉਮਰੀ ਵਿਖੇ ਸ਼ਾਨਦਾਰ ਅਤੇ ਵਿਸ਼ਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨਾਗਰਿਕਾਂ ਨੂੰ ਇਸ ਯਾਤਰਾ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕਈ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

 

Exit mobile version