ਲੁਧਿਆਣਾ, 19 ਸਤੰਬਰ 2026 (ਸ਼ਹੀਦ-ਏ-ਆਜ਼ਮ ਬਿਊਰੋ) : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੀਐਮ -ਪੋਸ਼ਣ(ਮਿਡ-ਡੇਅ ਮੀਲ) ਸਕੀਮ ਤਹਿਤ ਕੰਮ ਕਰ ਰਹੇ ਕੁੱਕ-ਕਮ-ਹੈਲਪਰਾਂ ਲਈ ਸਿੱਖਿਆ ਵਿਭਾਗ ਨੇ ਅਹਿਮ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਹੁਣ ਹਰੇਕ ਕੁੱਕ-ਕਮ-ਹੈਲਪਰ ਨੂੰ ਸਾਲ ਵਿੱਚ ਦੋ ਵਰਦੀਆਂ ਮੁਹੱਈਆ ਕਰਵਾਉਣ ਲਈ ਕੁੱਲ ₹1,200 ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਨਿਰਦੇਸ਼ਾਂ ਅਨੁਸਾਰ ਗਰਮੀਆਂ ਦੀ ਵਰਦੀ ਲਈ ₹600 ਅਤੇ ਸਰਦੀਆਂ ਦੀ ਵਰਦੀ ਲਈ ₹600 ਦਿੱਤੇ ਜਾਣਗੇ। ਇਸ ਦਾ ਮਕਸਦ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਨਿਰਧਾਰਤ ਵਰਦੀ ਦੀ ਸਹੂਲਤ ਦੇਣਾ ਹੈ।
ਸਾਰੇ ਜ਼ਿਲ੍ਹਿਆਂ ਤੋਂ ਮੰਗੀ ਗਈ ਜਾਣਕਾਰੀ: ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪੀਐਮ -ਪੋਸ਼ਣ ਅਧੀਨ ਕੰਮ ਕਰ ਰਹੇ ਕੁੱਕ-ਕਮ-ਹੈਲਪਰਾਂ ਦੀ ਪੂਰੀ ਜਾਣਕਾਰੀ ਭੇਜਣ ਲਈ ਕਿਹਾ ਹੈ। ਮਿਲੀ ਜਾਣਕਾਰੀ ਦੇ ਆਧਾਰ ’ਤੇ ਹੀ ਵਰਦੀ ਲਈ ਰਾਸ਼ੀ ਜਾਰੀ ਕਰਨ ਦੀ ਅਗਲੀ ਪ੍ਰਕਿਰਿਆ ਕੀਤੀ ਜਾਵੇਗੀ। ਇਹ ਫ਼ੈਸਲਾ ਕੁੱਕ-ਕਮ-ਹੈਲਪਰਾਂ ਵੱਲੋਂ ਲੰਬੇ ਸਮੇਂ ਤੋਂ ਵਰਦੀ ਦੀ ਕੀਤੀ ਜਾ ਰਹੀ ਮੰਗ ਦੇ ਸੰਦਰਭ ਵਿੱਚ ਲਿਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਵੀ ਪੀਐਮ -ਪੋਸ਼ਣ ਸਬੰਧੀ ਹਾਲੀਆ ਹਦਾਇਤਾਂ ਦਰਜ ਹਨ। ਇਸ ਦੌਰਾਨ ਮਿਡ-ਡੇਅ ਮੀਲ ਪ੍ਰਬੰਧ ਨਾਲ ਜੁੜੀਆਂ ਹੋਰ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਹਾਲੀਆ ਰਿਪੋਰਟਾਂ ਅਨੁਸਾਰ ਐੱਸ ਐਨ ਏ -ਸਪਰਸ਼ ਪੋਰਟਲ ’ਤੇ ਤਬਦੀਲੀ ਕਾਰਨ ਕੁਝ ਸਕੂਲਾਂ ਵਿੱਚ ਖਾਣਾ ਤਿਆਰ ਕਰਨ ਦੀ ਲਾਗਤ ਦੀ ਅਦਾਇਗੀ ਵਿੱਚ ਦੇਰੀ ਹੋਈ ਹੈ। ਸਿੱਖਿਆ ਵਿਭਾਗ ਨੇ ਇਸ ਨੂੰ ਕੇਂਦਰੀ ਪੱਧਰ ’ਤੇ ਪੋਰਟਲ ਤਬਦੀਲੀ ਨਾਲ ਜੁੜੀ ਪ੍ਰਕਿਰਿਆ ਦੱਸਿਆ ਹੈ।







