ਪੰਜਾਬ, 30 ਜੁਲਾਈ, 2026 (ਦੀਪਕ ਦੱਤਾ) : ਪੰਜਾਬ ਵਿੱਚ ਵਧ ਰਹੀ ਝੋਨੇ ਦੀ ਖੇਤੀ ਨੇ ਇੱਕ ਪਾਸੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਮਜ਼ਬੂਤ ਕੀਤਾ ਹੈ, ਪਰ ਦੂਜੇ ਪਾਸੇ ਪਰਾਲੀ ਸਾੜਨ ਦੀ ਸਮੱਸਿਆ ਨੇ ਵਾਤਾਵਰਣ ਲਈ ਗੰਭੀਰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। IIT ਮੰਡੀ ਦੇ ਖੋਜਕਾਰਾਂ ਵੱਲੋਂ ਕੀਤੀ ਗਈ ਇੱਕ ਨਵੀਂ ਅਧਿਐਨ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪਰਾਲੀ ਸਾੜਨ ‘ਤੇ ਪ੍ਰਭਾਵਸ਼ਾਲੀ ਰੋਕ ਨਾ ਲਗਾਈ ਗਈ ਤਾਂ 2040 ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਪਹੁੰਚ ਸਕਦੀ ਹੈ।
ਇਹ ਖੋਜ IIT ਮੰਡੀ ਦੀ ਸਕੂਲ ਆਫ਼ ਸਿਵਲ ਐਂਡ ਐਨਵਾਇਰਨਮੈਂਟਲ ਇੰਜੀਨੀਅਰਿੰਗ ਦੀ ਖੋਜਕਰਤਾ ਹਰਸਿਮਰਨਜੀਤ ਕੌਰ ਰੋਮਾਣਾ ਨੇ ਐਸੋਸੀਏਟ ਪ੍ਰੋਫੈਸਰ ਡੈਰਿਕ ਪੀ. ਸ਼ੁਕਲਾ ਅਤੇ ਅਮਰੀਕਾ ਦੇ ਪ੍ਰੋਫੈਸਰ ਰਮੇਸ਼ ਪੀ. ਸਿੰਘ ਦੀ ਅਗਵਾਈ ਹੇਠ ਕੀਤੀ ਹੈ। ਅਧਿਐਨ ਨੂੰ ਬ੍ਰਿਟੇਨ ਦੀ ਪ੍ਰਸਿੱਧ ਵਿਗਿਆਨਕ ਜਰਨਲ RSC Advances ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ ਲਗਭਗ 90 ਲੱਖ ਟਨ ਪਰਾਲੀ ਸਾੜੀ ਜਾਂਦੀ ਹੈ, ਜਿਸ ਨਾਲ ਕਾਲਾ ਕਾਰਬਨ, ਓਜ਼ੋਨ, ਕਾਰਬਨ ਮੋਨੋਆਕਸਾਈਡ ਅਤੇ PM2.5 ਵਰਗੇ ਖ਼ਤਰਨਾਕ ਪ੍ਰਦੂਸ਼ਕ ਵਾਤਾਵਰਣ ਵਿੱਚ ਛੱਡੇ ਜਾਂਦੇ ਹਨ। ਇਸ ਕਾਰਨ ਨਾ ਸਿਰਫ਼ ਪੰਜਾਬ, ਸਗੋਂ ਦਿੱਲੀ-ਐਨਸੀਆਰ ਅਤੇ ਪੂਰਾ ਉੱਤਰੀ ਭਾਰਤ ਗੰਭੀਰ ਹਵਾ ਪ੍ਰਦੂਸ਼ਣ ਦੀ ਚਪੇਟ ਵਿੱਚ ਆ ਜਾਂਦਾ ਹੈ।
ਖੋਜਕਾਰਾਂ ਨੇ ਦੱਸਿਆ ਕਿ ਮਾਲਵਾ ਖੇਤਰ ਸਭ ਤੋਂ ਵੱਡਾ ਪ੍ਰਦੂਸ਼ਣ ਹਾਟਸਪਾਟ ਬਣ ਰਿਹਾ ਹੈ, ਜਦਕਿ ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਵੀ ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਹੋ ਰਹੀ ਹੈ। ਸੈਟੇਲਾਈਟ ਡਾਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਹਵਾ ਪ੍ਰਦੂਸ਼ਣ ਵਿਚਕਾਰ 60 ਤੋਂ 81 ਫੀਸਦੀ ਤੱਕ ਸਿੱਧਾ ਸੰਬੰਧ ਹੈ।
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਰਾਲੀ ਸਾੜਨ ਕਾਰਨ ਹਰ ਸਾਲ ਮਿੱਟੀ ਵਿੱਚ ਮੌਜੂਦ ਲਗਭਗ 8.24 ਲੱਖ ਟਨ ਜ਼ਰੂਰੀ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਵਿਗਿਆਨੀਆਂ ਨੇ ਸੂਬਾ ਪੱਧਰੀ ਇੱਕੋ ਨੀਤੀ ਦੀ ਥਾਂ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸਥਾਨਕ ਹਾਲਾਤਾਂ ਮੁਤਾਬਕ ਯੋਜਨਾਵਾਂ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮੌਜੂਦਾ ਹਾਲਾਤ ਜਾਰੀ ਰਹੇ ਤਾਂ ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਰਗੇ ਜ਼ਿਲ੍ਹਿਆਂ ਵਿੱਚ 2040 ਤੱਕ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਵੱਧ ਸਕਦੀ ਹੈ, ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪਵੇਗਾ।








