ਇਨਸਾਨੀ ਜੀਵਨ ਦੀਆਂ ਸਭ ਤੋਂ ਅਜੀਬ ਤ੍ਰਾਸਦੀ ਵਿੱਚੋਂ ਇੱਕ ਇਹ ਹੈ ਕਿ ਜਦੋਂ ਗਿਆਨ ਅਤੇ ਜਹਾਲਤ ਆਹਮੋ-ਸਾਹਮਣੇ ਖੜ੍ਹੇ ਹੁੰਦੇ ਹਨ ਤਾਂ ਕਈ ਅਕਸਰ ਜਹਾਲਤ ਬਹਿਸ ਜਿੱਤ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਜਹਾਲਤ ਗਿਆਨ ਨਾਲੋਂ ਵੱਧ ਤਾਕਤਵਰ ਹੈ; ਅਸਲ ਗੱਲ ਇਹ ਹੈ ਕਿ ਦੋਵਾਂ ਦੇ ਖੇਡਣ ਦੇ ਨਿਯਮ ਵੱਖਰੇ ਹਨ। ਗਿਆਨ ਬੰਨ੍ਹਿਆ ਹੋਇਆ ਹੈ ਸਮਾਜ ਸਬੂਤ ਮੰਗਦਾ ਹੈ, ਦਲੀਲ ਮੰਗਦਾ ਹੈ, ਤੱਥਾਂ ਦੀ ਜਾਂਚ ਕਰਦਾ ਹੈ ਅਤੇ ਅੰਤ ਵਿੱਚ ਬੜੀ ਜਦੋ ਜਹਿਦ ਤੋਂ ਬਾਅਦ ਬੜੀਆਂ ਕੋਸ਼ਿਸ਼ਾਂ ਕਰਕੇ ਆਪਣੀ ਗੱਲ ਨੂੰ ਸਹੀ ਸਾਬਤ ਕਰਦਾ ਹੈ। ਜਹਾਲਤ ਨੂੰ ਇਹਨਾਂ ਵਿੱਚੋਂ ਕਿਸੇ ਦੀ ਲੋੜ ਨਹੀਂ। ਉਹ ਆਪਣੀ ਧਾਰਨਾ ਨੂੰ ਹੀ ਸੱਚ ਮੰਨ ਲੈਂਦੀ ਹੈ। ਗਿਆਨ ਕਹਿੰਦਾ ਹੈ, “ਮੈਨੂੰ ਸਬੂਤ ਦਿਓ।” ਜਹਾਲਤ ਕਹਿੰਦੀ ਹੈ, “ਮੈਨੂੰ ਕੀ ਲੋੜ ਹੈ ਸਬੂਤ ਦੀ? ਮੈਂ ਸਬ ਜਾਣਦਾ ਹਾਂ।”
ਮਨੋਵਿਗਿਆਨਕ ਖੋਜ ਵਿੱਚ ਜਿਸ ਵਰਤਾਰੇ ਨੂੰ ਡਨਿੰਗ–ਕ੍ਰੂਗਰ ਪ੍ਰਭਾਵ ਕਿਹਾ ਜਾਂਦਾ ਹੈ, ਉਸ ਵਿੱਚ ਘੱਟ ਸਮਰੱਥਾ ਜਾਂ ਘੱਟ ਗਿਆਨ ਵਾਲੇ ਵਿਅਕਤੀ ਕਈ ਵਾਰ ਆਪਣੀ ਅਸਲ ਕਾਬਲੀਅਤ ਨੂੰ ਵੱਧ ਮੰਨ ਬੈਠਦੇ ਹਨ। ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਗਿਆਨ ਦੀ ਘਾਟ ਹੀ ਕਈ ਵਾਰ ਮਨੁੱਖ ਨੂੰ ਆਪਣੀ ਗਲਤੀ ਪਛਾਣਨ ਤੋਂ ਰੋਕਦੀ ਹੈ। ਭਾਵ , ਬੰਦਾ ਸਿਰਫ਼ ਅਣਜਾਣ ਨਹੀਂ ਰਹਿੰਦਾ. ਉਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਅਣਜਾਣ ਹੈ। ਇਸ ਲਈ ਜਦੋਂ ਗਿਆਨ ਕਿਸੇ ਜਾਹਿਲ ਨਾਲ ਬਹਿਸ ਕਰਦਾ ਹੈ ਤਾਂ ਸਮੱਸਿਆ ਇਹ ਨਹੀਂ ਕਿ ਗਿਆਨ ਕਮਜ਼ੋਰ ਹੈ। ਸਮੱਸਿਆ ਇਹ ਹੈ ਕਿ ਗਿਆਨ ਤਰਕ ਦੇ ਮੈਦਾਨ ਵਿੱਚ ਖੜ੍ਹਾ ਹੁੰਦਾ ਹੈ, ਜਦਕਿ ਜਹਾਲਤ ਹਵਾ ਵਿੱਚ ਗੱਲ ਕਰਕੇ ਮੈਦਾਨ ਹੀ ਬਦਲ ਦਿੰਦੀ ਹੈ।
ਤੁਸੀਂ ਤੱਥ ਦਿਓਗੇ, ਉਹ ਨਿੱਜੀ ਹਮਲਾ ਕਰੇਗਾ।
ਤੁਸੀਂ ਸਬੂਤ ਦਿਓਗੇ, ਉਹ ਅਫ਼ਵਾਹ ਲਿਆਵੇਗਾ।
ਤੁਸੀਂ ਦਲੀਲ ਦਿਓਗੇ, ਉਹ ਸ਼ੋਰ ਪੈਦਾ ਕਰੇਗਾ।
ਤੁਸੀਂ ਸੰਜਮ ਰੱਖੋਗੇ, ਉਹ ਤੁਹਾਡੇ ਸੰਜਮ ਨੂੰ ਕਮਜ਼ੋਰੀ ਸਮਝੇਗਾ।
ਅਤੇ ਸਭ ਤੋਂ ਖ਼ਤਰਨਾਕ ਗੱਲ ਇਹ ਕਿ ਕੁਝ ਲੋਕ ਬਹਿਸ ਵਿੱਚ ਸੱਚ ਲੱਭਣ ਲਈ ਨਹੀਂ ਉਤਰਦੇ; ਉਹ ਸਿਰਫ਼ ਆਪਣੀ ਪਹਿਲਾਂ ਬਣੀ ਧਾਰਨਾ ਨੂੰ ਬਚਾਉਣ ਲਈ ਉਤਰਦੇ ਹਨ। ਇੱਥੇ ਸੁਕਰਾਤ ਦੀ ਬੌਧਿਕ ਨਿਮਰਤਾ ਸਾਨੂੰ ਇੱਕ ਮਹੱਤਵਪੂਰਨ ਸਬਕ ਦਿੰਦੀ ਹੈ। ਸੁਕਰਾਤੀ ਵਿਚਾਰਧਾਰਾ ਵਿੱਚ ਆਪਣੇ ਗਿਆਨ ਦੀਆਂ ਹੱਦਾਂ ਨੂੰ ਪਛਾਣਨਾ ਗਿਆਨ ਦੀ ਕਮਜ਼ੋਰੀ ਨਹੀਂ, ਸਗੋਂ ਗਿਆਨ ਦੀ ਸ਼ੁਰੂਆਤ ਹੈ।
ਇਸ ਲਈ ਹਰ ਬਹਿਸ ਜਿੱਤਣਾ ਗਿਆਨਵਾਨ ਮਨੁੱਖ ਦਾ ਮਕਸਦ ਨਹੀਂ ਹੋਣਾ ਚਾਹੀਦਾ।
ਅਕਸਰ ਚੁੱਪ ਰਹਿਣਾ ਗਿਆਨ ਦੀ ਹਾਰ ਨਹੀਂ, ਗਿਆਨ ਦੀ ਇੱਜ਼ਤ ਹੁੰਦੀ ਹੈ।
ਜੇ ਸਾਹਮਣੇ ਵਾਲਾ ਸੁਣਨ ਲਈ ਤਿਆਰ ਨਹੀਂ, ਸਵਾਲ ਪੁੱਛਣ ਲਈ ਤਿਆਰ ਨਹੀਂ, ਆਪਣੇ ਵਿਸ਼ਵਾਸ ਦੀ ਜਾਂਚ ਕਰਨ ਲਈ ਤਿਆਰ ਨਹੀਂ ਅਤੇ ਸਬੂਤ ਨੂੰ ਸਵੀਕਾਰ ਕਰਨ ਦੀ ਸਮਰੱਥਾ ਨਹੀਂ ਰੱਖਦਾ, ਤਾਂ ਉੱਥੇ ਗਿਆਨ ਵੰਡਣਾ ਕੰਧ ਨਾਲ ਗੱਲ ਕਰਨ ਵਰਗਾ ਹੈ। ਗਿਆਨ ਉੱਥੇ ਦੇਣਾ ਚਾਹੀਦਾ ਹੈ ਜਿੱਥੇ ਸਵਾਲ ਹੋਣ, ਜਿਗਿਆਸਾ ਹੋਵੇ ਅਤੇ ਸੱਚ ਨੂੰ ਸਵੀਕਾਰ ਕਰਨ ਦੀ ਇਮਾਨਦਾਰੀ ਹੋਵੇ, ਕਿਉਂਕਿ ਗਿਆਨ ਦਾ ਮਕਸਦ ਕਿਸੇ ਨੂੰ ਹਰਾਉਣਾ ਨਹੀਂ ਸਗੋਂ ਅੰਧਕਾਰ ਘਟਾਉਣਾ ਹੈ।
ਇਸੇ ਕਰਕੇ ਕਈ ਵਾਰ ਆਪਣੀ ਗੱਲ ਸਾਬਤ ਕਰਨ ਦੀ ਬਜਾਏ ਉੱਥੋਂ ਚੁੱਪਚਾਪ ਹਟ ਜਾਣਾ ਬਿਹਤਰ ਹੁੰਦਾ ਹੈ ਜਿੱਥੇ ਸੱਚ ਦੀ ਕੋਈ ਮੰਗ ਹੀ ਨਹੀਂ ਅਤੇ ਫਿਰ ਉਹ ਪੁਰਾਣੀ ਤਿੱਖੀ ਪੰਕਤੀ ਯਾਦ ਆਉਂਦੀ ਹੈ “ਜਾਹਿਲ ਨੂੰ ਜਦੋਂ ਜਹਾਲਤ ਦਾ ਇਨਾਮ ਮਿਲੇ, ਵਕਤ ਦੇ ਇਸ ਹਾਦਸੇ ਨੂੰ ਕੀ ਨਾਮ ਮਿਲੇ ? ਸ਼ਰਾਬਖ਼ਾਨੇ ਦੀ ਤੌਹੀਨ ਹੈ, ਰਿੰਦਾਂ ਦੀ ਹੱਤਕ ਹੈ—ਕਿਸੇ ਹਰਾਮੀ ਦੇ ਹੱਥੋਂ ਨੂੰ ਜਦੋਂ ਜਾਮ ਮਿਲੇ।”
ਪਰ ਇਸ ਪੂਰੇ ਵਿਚਾਰ ਦਾ ਸਭ ਤੋਂ ਡੂੰਘਾ ਨਿਚੋੜ ਸ਼ਾਇਦ ਇਹ ਹੈ:
ਜਹਾਲਤ ਨਾਲ ਲੜਨ ਲਈ ਆਪਣਾ ਗਿਆਨ ਬਰਬਾਦ ਨਾ ਕਰੋ। ਆਪਣਾ ਗਿਆਨ ਉੱਥੇ ਬੀਜੋ ਜਿੱਥੇ ਸਮਝ ਦੀ ਮਿੱਟੀ ਹੋਵੇ। ਕਿਉਂਕਿ ਬੀਜ ਕਿੰਨਾ ਵੀ ਕੀਮਤੀ ਹੋਵੇ,ਪੱਥਰ ਉੱਤੇ ਬੀਜਿਆ ਜਾਵੇ ਤਾਂ ਫ਼ਸਲ ਨਹੀਂ ਬਣਦੀ। ਗਿਆਨ ਦੀ ਅਸਲ ਜਿੱਤ ਇਹ ਨਹੀਂ ਕਿ ਜਾਹਿਲ ਨੂੰ ਚੁੱਪ ਕਰਾ ਦਿੱਤਾ ਜਾਵੇ, ਗਿਆਨ ਦੀ ਅਸਲ ਜਿੱਤ ਇਹ ਹੈ ਕਿ ਕੋਈ ਇੱਕ ਮਨੁੱਖ ਸੋਚਣਾ ਸਿੱਖ ਲਵੇ।
ਛਤਰਪਾਲ ਸਿੰਘ
