ਲਾਸ ਏਂਜਲਸ [ਅਮਰੀਕਾ], 26 ਜੁਲਾਈ, 2026 (ਅਮਨਦੀਪ ਸਰਾਂ): ‘ਈ! ਨਿਊਜ਼’ ਮੁਤਾਬਕ, ਮਸ਼ਹੂਰ ਗਾਇਕਾ-ਗੀਤਕਾਰ ਕੇਲੀ ਕਲਾਰਕਸਨ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਹੈ ਕਿ ਉਹ ਸਿੰਗਲ ਰਹਿ ਕੇ ਬਹੁਤ ਖੁਸ਼ ਹੈ ਅਤੇ ਉਸ ਦੀ ਫਿਲਹਾਲ ਡੇਟਿੰਗ ਕਰਨ ਦੀ ਕੋਈ ਯੋਜਨਾ ਨਹੀਂ ਹੈ। 24 ਜੁਲਾਈ ਨੂੰ ਸੀਜ਼ਰਜ਼ ਪੈਲੇਸ ਵਿਖੇ ਆਪਣੇ ਲਾਸ ਵੇਗਾਸ ਰਿਹਾਇਸ਼ੀ ਸ਼ੋਅ ਦੌਰਾਨ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ, ਗ੍ਰੈਮੀ ਐਵਾਰਡ ਜੇਤੂ ਗਾਇਕਾ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਦੂਜਿਆਂ ਦੇ ਰਿਸ਼ਤਿਆਂ ਵਿੱਚ ਚੱਲ ਰਹੇ ਸਿਆਪਿਆਂ ਨੂੰ ਦੇਖ ਕੇ ਉਹ ਇਕੱਲੇ ਘਰ ਜਾਣ ਵਿੱਚ ਹੀ ਜ਼ਿਆਦਾ ਸਕੂਨ ਮਹਿਸੂਸ ਕਰਦੀ ਹੈ।
ਉਸਨੇ ਮੰਨਿਆ ਕਿ ਲੰਬੇ ਸਮੇਂ ਦੇ ਰਿਸ਼ਤਿਆਂ ਵਿੱਚ ਪਿਆਰ ਦੀ ਚੰਗਿਆੜੀ ਅਤੇ ਜਾਦੂ ਨੂੰ ਬਰਕਰਾਰ ਰੱਖਣਾ ਸਭ ਤੋਂ ਔਖਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਹ ਟਿੱਪਣੀਆਂ ਅਗਸਤ 2025 ਵਿੱਚ ਕੈਂਸਰ ਕਾਰਨ ਉਸ ਦੇ ਸਾਬਕਾ ਪਤੀ ਬ੍ਰੈਂਡਨ ਬਲੈਕਸਟੌਕ ਦੀ ਮੌਤ ਤੋਂ ਲਗਭਗ ਇੱਕ ਸਾਲ ਬਾਅਦ ਆਈਆਂ ਹਨ, ਜਿਨ੍ਹਾਂ ਦਾ 2022 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਪਹਿਲਾਂ ਆਪਣੇ ਸ਼ੋਅ ਦੇ ਇੱਕ ਯੂਟਿਊਬ ਸੈਸ਼ਨ ਦੌਰਾਨ ਕਲਾਰਕਸਨ ਨੇ ਦੱਸਿਆ ਸੀ ਕਿ ਪਰਿਵਾਰ ‘ਤੇ ਆਏ ਔਖੇ ਸਮੇਂ ਕਾਰਨ ਉਹ ਆਪਣੇ ਦੋ ਬੱਚਿਆਂ (ਧੀ ਰਿਵਰ ਅਤੇ ਪੁੱਤਰ ਰੇਮਿੰਗਟਨ) ਅਤੇ ਦੋ ਕੁੱਤਿਆਂ ਨਾਲ ਇੱਕੋ ਕਮਰੇ ਵਿੱਚ ਸੌਂ ਰਹੀ ਹੈ, ਅਤੇ ਬੱਚਿਆਂ ਨਾਲ ਕੀਤੀਆਂ ਇਹ ਪਿਆਰੀਆਂ ਗੱਲਾਂ ਹੀ ਉਸ ਦੇ ਦਿਨ ਦਾ ਸਭ ਤੋਂ ਪਸੰਦੀਦਾ ਸਮਾਂ ਹੁੰਦੀਆਂ ਹਨ।
