ਨਵੀਂ ਦਿੱਲੀ, 24 ਅਗਸਤ 2026 (ਕਾਜਲ) : ਦਿੱਲੀ ਦੇ ITO ਟ੍ਰੈਫਿਕ ਸਿਗਨਲ ਨੇੜੇ ਐਤਵਾਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਪਾਰ ਕਰਕੇ ਸਾਹਮਣੇ ਆ ਰਹੀ SUV ਨਾਲ ਟਕਰਾ ਗਈ। ਹਾਦਸੇ ਵਿੱਚ ਦੋ ਵਿਧਾਇਕਾਂ ਸਮੇਤ 6 ਲੋਕ ਜ਼ਖਮੀ ਹੋ ਗਏ। ਦਿੱਲੀ ਪੁਲਿਸ ਮੁਤਾਬਕ ਹਾਦਸਾ ਰਾਤ ਕਰੀਬ 9:30 ਵਜੇ PWD ਦਫ਼ਤਰ ਨੇੜੇ ਵਾਪਰਿਆ। ਲਕਸ਼ਮੀ ਨਗਰ ਤੋਂ ITO ਵੱਲ ਜਾ ਰਹੀ Swift ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਅਤੇ ਰੇਲਿੰਗ ਪਾਰ ਕਰਕੇ ਦੂਜੇ ਪਾਸੇ ਜਾ ਰਹੀ Innova ਨਾਲ ਜਾ ਟਕਰਾਈ। Innova ਵਿੱਚ ਦਿੱਲੀ ਦੇ ਕਿਰਾੜੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਨਿਲ ਝਾਅ ਅਤੇ ਕਰਨਾਟਕ ਦੇ ਵਿਧਾਇਕ ਅਭੈ ਪਾਟਿਲ ਸਵਾਰ ਸਨ। ਪੁਲਿਸ ਅਨੁਸਾਰ ਹਾਦਸੇ ਵਿੱਚ ਸਾਰੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ LNJP ਹਸਪਤਾਲ ਲਿਜਾਇਆ ਗਿਆ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ। ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਨੁਕਸਾਨੀ ਗੱਡੀਆਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
