ਸ਼ਿਮਲਾ, 29 ਜੁਲਾਈ 2026 (ਜਤਿੰਦਰ ਗਰਗ) : ਹਿਮਾਚਲ ਪ੍ਰਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਦੀਆਂ ਦੋ ਅਹਿਮ ਸੜਕ ਯੋਜਨਾਵਾਂ ਲਈ 239.45 ਕਰੋੜ ਰੁਪਏ ਦੀ ਵਿੱਤੀ ਮਨਜ਼ੂਰੀ ਦਿੱਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਸੈਂਟਰਲ ਰੋਡ ਐਂਡ ਇਨਫਰਾਸਟਰਕਚਰ ਫੰਡ (CRIF) ਤਹਿਤ ਜਾਰੀ ਕੀਤੀ ਗਈ ਇਸ ਰਕਮ ਨਾਲ ਸੜਕਾਂ ਦੇ ਅਪਗ੍ਰੇਡੇਸ਼ਨ ਅਤੇ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਇਸ ਫ਼ੈਸਲੇ ਨੂੰ ਸੂਬੇ ਦੇ ਵਿਕਾਸ ਅਤੇ ਖੇਤਰੀ ਸੰਪਰਕਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਵਿੱਚ ਛੈਲਾ-ਨੇਰੀਪੁਲ-ਯਸ਼ਵੰਤਨਗਰ-ਕੁਮਾਰਹੱਟੀ ਸੜਕ ਅਤੇ ਟਿੱਕਰ-ਜਰੋਲ-ਗਾਹਨ-ਨਨਖੜੀ-ਖਮਾਡੀ ਸੜਕ ਸ਼ਾਮਲ ਹਨ। ਇਨ੍ਹਾਂ ਵਿੱਚੋਂ 36 ਕਿਲੋਮੀਟਰ ਲੰਬੀ ਛੈਲਾ-ਨੇਰੀਪੁਲ-ਯਸ਼ਵੰਤਨਗਰ-ਕੁਮਾਰਹੱਟੀ ਸੜਕ ਦੇ ਅਪਗ੍ਰੇਡੇਸ਼ਨ ਲਈ 203.52 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਦਕਿ ਟਿੱਕਰ-ਜਰੋਲ-ਗਾਹਨ-ਨਨਖੜੀ-ਖਮਾਡੀ ਸੜਕ ਲਈ 35.93 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਵੀ ਇਨ੍ਹਾਂ ਪ੍ਰੋਜੈਕਟਾਂ ਲਈ ਕੇਂਦਰ ਸਰਕਾਰ ਕੋਲ ਲਗਾਤਾਰ ਪੈਰਵੀ ਕੀਤੀ। ਹੁਣ ਫੰਡ ਮਨਜ਼ੂਰ ਹੋਣ ਨਾਲ ਇਨ੍ਹਾਂ ਸੜਕਾਂ ਦੇ ਸੁਧਾਰ ਅਤੇ ਵਿਕਾਸ ਦਾ ਰਾਹ ਪੱਧਰਾ ਹੋ ਗਿਆ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ।








