Home ਪਟਿਆਲਾ ਅਪਡੇਟ ਉੱਚ ਪੱਧਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਟੀਮ ਵੱਲੋਂ ਸੰਗਰੂਰ, ਪਟਿਆਲਾ ਅਤੇ...

ਉੱਚ ਪੱਧਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਟੀਮ ਵੱਲੋਂ ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਵਿੱਚ ਪਰਾਲੀ ਪ੍ਰਬੰਧਨ ਦੇ ਉਪਰਾਲਿਆਂ ਦੀ ਸਮੀਖਿਆ; ਜ਼ਿਲ੍ਹਾ ਪ੍ਰਸ਼ਾਸਨਾਂ ਦੇ ਯਤਨਾਂ ਦੀ ਸ਼ਲਾਘਾ

A high-level Commission for Air Quality Management (CAQM) team reviews stubble management initiatives in Sangrur, Patiala and Malerkotla, appreciating the efforts made by the district administrations to prevent crop residue burning and promote sustainable agricultural practices.

0
ਸੰਗਰੂਰ, 31 ਅਕਤੂਬਰ, 2026 (ਛਤਰਪਾਲ ਸਿੰਘ ) :  ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਉੱਚ ਪੱਧਰੀ ਟੀਮ, ਜਿਸ ਵਿੱਚ ਤਕਨੀਕੀ ਮੈਂਬਰ ਡਾ. ਐੱਸ. ਡੀ. ਅੱਤਰੀ ਅਤੇ ਵਿਗਿਆਨੀ-ਸੀ ਸ੍ਰੀ ਵਿਜੇ ਕੁਮਾਰ ਸ਼ਾਮਲ ਸਨ, ਨੇ 30 ਅਕਤੂਬਰ, 2026 ਨੂੰ ਸੰਗਰੂਰ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਤੋਂ ਬਾਅਦ 31 ਅਕਤੂਬਰ, 2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਦਾ ਉਦੇਸ਼ ਝੋਨੇ ਦੀ ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਦੇ ਵਿਗਿਆਨਕ ਪ੍ਰਬੰਧਨ ਅਤੇ ਇਸ ਨੂੰ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਉਪਰਾਲਿਆਂ ਦਾ ਜਾਇਜ਼ਾ ਲੈਣਾ ਸੀ।
30 ਅਕਤੂਬਰ ਨੂੰ ਆਪਣੇ ਦੌਰੇ ਦੌਰਾਨ ਕਮਿਸ਼ਨ ਦੀ ਟੀਮ ਨੇ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਦਾ ਨਿਰੀਖਣ ਕਰਕੇ ਪਰਾਲੀ ਦੇ ਖੇਤਾਂ ਵਿੱਚ ਅਤੇ ਖੇਤਾਂ ਤੋਂ ਬਾਹਰ ਪ੍ਰਬੰਧਨ ਸਬੰਧੀ ਉਪਰਾਲਿਆਂ ਨੂੰ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਟੀਮ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਾਲੇ ਸੰਵੇਦਨਸ਼ੀਲ ਪਿੰਡ ਘਰਾਚੋਂ ਦਾ ਦੌਰਾ ਕੀਤਾ, ਜਿੱਥੇ ਪਰਾਲੀ ਦੇ ਪ੍ਰਬੰਧਨ ਅਤੇ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ। ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਟੀਮ ਨੂੰ ਪਰਾਲੀ ਦੇ ਵਿਗਿਆਨਕ ਪ੍ਰਬੰਧਨ ਲਈ ਕਿਸਾਨਾਂ ਨੂੰ ਮਸ਼ੀਨਰੀ ਸਮੇਂ ਸਿਰ ਉਪਲਬਧ ਕਰਵਾਉਣ ਵਾਸਤੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ, ਟੀਮ ਨੇ ਭਵਾਨੀਗੜ੍ਹ ਦੇ ਪਿੰਡ ਨਦਾਮਪੁਰ ਵਿਖੇ ਸਥਿਤ ਮੈਸਰਜ਼ ਟ੍ਰਾਂਸਪੈਸਿਫਿਕ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੇ ਪਰਾਲੀ ਤੋਂ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੇ ਬਾਲਣ ਦੀਆਂ ਗੋਲੀਆਂ ਬਣਾਉਣ ਵਾਲੇ ਕਾਰਖਾਨੇ ਦਾ ਦੌਰਾ ਕੀਤਾ। ਟੀਮ ਨੇ ਕਾਰਖਾਨੇ ਦਾ ਨਿਰੀਖਣ ਕਰਕੇ ਪਰਾਲੀ ਤੋਂ ਜੈਵਿਕ ਬਾਲਣ ਦੀਆਂ ਗੋਲੀਆਂ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗੋਲੀਆਂ ਦੀ ਵਰਤੋਂ ਤਾਪ ਬਿਜਲੀ ਘਰਾਂ ਅਤੇ ਉਦਯੋਗਾਂ ਵਿੱਚ ਬਦਲਵੇਂ ਬਾਲਣ ਵਜੋਂ ਕੀਤੀ ਜਾਂਦੀ ਹੈ। ਇਸ ਨਾਲ ਪਰਾਲੀ ਦੇ ਖੇਤਾਂ ਤੋਂ ਬਾਹਰ ਪ੍ਰਬੰਧਨ ਲਈ ਇੱਕ ਮਹੱਤਵਪੂਰਨ ਬਦਲ ਉਪਲਬਧ ਹੁੰਦਾ ਹੈ ਅਤੇ ਪਰਾਲੀ ਨੂੰ ਬੇਕਾਰ ਸਮਝਣ ਦੀ ਬਜਾਏ ਇੱਕ ਲਾਭਦਾਇਕ ਸਰੋਤ ਵਜੋਂ ਵਰਤਣ ਨੂੰ ਉਤਸ਼ਾਹ ਮਿਲਦਾ ਹੈ।
ਖੇਤਰੀ ਦੌਰੇ ਦੌਰਾਨ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਭਵਾਨੀਗੜ੍ਹ ਦੇ ਪਿੰਡ ਬੱਸੀਅਰਕ, ਕਪਿਆਲ ਅਤੇ ਝਨੇੜੀ ਵਿਖੇ ਅੱਗ ਲੱਗਣ ਦੀਆਂ ਤਿੰਨ ਸਰਗਰਮ ਘਟਨਾਵਾਂ ਵੀ ਸਾਹਮਣੇ ਆਈਆਂ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਈ। ਇਸ ਤੋਂ ਇਲਾਵਾ, ਲਾਗੂ ਨਿਯਮਾਂ ਅਨੁਸਾਰ ਵਾਤਾਵਰਣ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਲਗਾਉਣ, ਪਹਿਲੀ ਸੂਚਨਾ ਰਿਪੋਰਟਾਂ ਦਰਜ ਕਰਨ ਅਤੇ ਮਾਲ ਰਿਕਾਰਡ ਵਿੱਚ ਲਾਲ ਇੰਦਰਾਜ ਕਰਨ ਵਰਗੇ ਲਾਗੂਕਰਨ ਉਪਰਾਲੇ ਵੀ ਕੀਤੇ ਗਏ। 31 ਅਕਤੂਬਰ ਨੂੰ ਕਮਿਸ਼ਨ ਦੀ ਟੀਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਸੰਗਰੂਰ, ਪਟਿਆਲਾ ਅਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਉਡਣ ਦਸਤਿਆਂ ਦੀਆਂ ਟੀਮਾਂ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਾਂ ਦੀਆਂ ਤਿਆਰੀਆਂ, ਪਰਾਲੀ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦੀ ਉਪਲਬਧਤਾ ਅਤੇ ਵਰਤੋਂ, ਪਰਾਲੀ ਇਕੱਠੀ ਕਰਨ, ਸਟੋਰ ਕਰਨ ਅਤੇ ਸੰਭਾਲਣ ਦੇ ਪ੍ਰਬੰਧਾਂ, ਖੇਤਰੀ ਪੱਧਰ ’ਤੇ ਨਿਗਰਾਨੀ, ਨਿਯਮਾਂ ਨੂੰ ਲਾਗੂ ਕਰਨ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੀਆਂ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ।
ਇਸ ਮੀਟਿੰਗ ਵਿੱਚ ਸੰਗਰੂਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸ਼ਿਆਮਕਰਨ ਤਿਡਕੇ ਸਮੇਤ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਡਾ. ਰਾਜੀਵ ਗੁਪਤਾ, ਕਾਰਜਕਾਰੀ ਇੰਜੀਨੀਅਰ ਰੋਹਿਤ ਸਿੰਗਲਾ ਅਤੇ ਰਣਤੇਜ ਸ਼ਰਮਾ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਕਮਿਸ਼ਨ ਦੇ ਨੁਮਾਇੰਦਿਆਂ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਸਬੰਧਤ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨਾਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਅਪਣਾਏ ਗਏ ਆਪਸੀ ਤਾਲਮੇਲ ਵਾਲੇ ਤਰੀਕੇ ਦੀ ਸ਼ਲਾਘਾ ਕੀਤੀ ਅਤੇ ਖੇਤਰੀ ਪੱਧਰ ’ਤੇ ਨਿਗਰਾਨੀ ਹੋਰ ਮਜ਼ਬੂਤ ਕਰਨ, ਨਿਯਮਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ, ਵਿਭਾਗਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਰਾਹੀਂ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਕਮਿਸ਼ਨ ਦੀ ਟੀਮ ਨੇ ਜ਼ੋਰ ਦਿੱਤਾ ਕਿ ਪਰਾਲੀ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਯਕੀਨੀ ਬਣਾਉਣ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਅੰਤਿਮ ਟੀਚੇ ਦੀ ਪ੍ਰਾਪਤੀ ਲਈ ਸਾਰੇ ਸਬੰਧਤ ਵਿਭਾਗਾਂ ਦੇ ਨਿਰੰਤਰ ਯਤਨਾਂ ਦੇ ਨਾਲ-ਨਾਲ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਸੰਗਰੂਰ ਵਿਖੇ ਸਮੀਖਿਆ ਮੀਟਿੰਗ ਸਮਾਪਤ ਕਰਨ ਤੋਂ ਬਾਅਦ ਕਮਿਸ਼ਨ ਦੀ ਟੀਮ ਪਰਾਲੀ ਪ੍ਰਬੰਧਨ ਸਬੰਧੀ ਜ਼ਮੀਨੀ ਪੱਧਰ ’ਤੇ ਕੀਤੇ ਗਏ ਪ੍ਰਬੰਧਾਂ ਅਤੇ ਉਪਰਾਲਿਆਂ ਦਾ ਹੋਰ ਜਾਇਜ਼ਾ ਲੈਣ ਲਈ ਮਾਲੇਰਕੋਟਲਾ ਜ਼ਿਲ੍ਹੇ ਦੇ ਖੇਤਰੀ ਦੌਰੇ ’ਤੇ ਰਵਾਨਾ ਹੋਈ।

Exit mobile version