Homeਦੇਸ਼ਮਹਾਰਾਸ਼ਟਰ ਦੇ ਪਾਲਘਰ ਵਿੱਚ ਭਾਰੀ ਮੀਂਹ ਨਾਲ ਹਾਹਾਕਾਰ, ਕਈ ਇਲਾਕੇ ਪਾਣੀ ਵਿੱਚ...

ਮਹਾਰਾਸ਼ਟਰ ਦੇ ਪਾਲਘਰ ਵਿੱਚ ਭਾਰੀ ਮੀਂਹ ਨਾਲ ਹਾਹਾਕਾਰ, ਕਈ ਇਲਾਕੇ ਪਾਣੀ ਵਿੱਚ ਡੁੱਬੇ; ਬਚਾਅ ਕਾਰਜ ਜਾਰੀ

23 ਜੁਲਾਈ, 2026 (ਹਰਸ਼ਲੀਨ ਸਿੰਘ):ਮਹਾਰਾਸ਼ਟਰ ਦੇ ਤੱਟਵਰਤੀ ਜ਼ਿਲ੍ਹੇ ਪਾਲਘਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ। ਬੀਤੀ ਰਾਤ ਤੋਂ ਪੈ ਰਹੇ ਮੁਸਲਾਧਾਰ ਮੀਂਹ ਕਾਰਨ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਸੈਂਕੜੇ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ।

ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਪਾਲਘਰ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਕੁਲੈਕਟਰ ਇੰਦੂ ਰਾਣੀ ਜਾਖੜ ਨੇ ਦੱਸਿਆ ਕਿ ਤੇਜ਼ ਪਾਣੀ ਦੇ ਵਹਾਅ ਵਿੱਚ ਵਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸਦੀ ਲਾਸ਼ ਇੱਕ ਨਾਲੇ ਵਿੱਚੋਂ ਮਿਲੀ ਹੈ, ਜਦਕਿ ਮ੍ਰਿਤਕ ਦੀ ਪਛਾਣ ਲਈ ਕਾਰਵਾਈ ਜਾਰੀ ਹੈ।

ਕਈ ਪਿੰਡਾਂ ਦਾ ਮੁੱਖ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ। ਹੜ੍ਹ ਦਾ ਪਾਣੀ ਕਈ ਘਰਾਂ ਦੀ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਆਪਣੀਆਂ ਛੱਤਾਂ ਅਤੇ ਉੱਚੀਆਂ ਥਾਵਾਂ ‘ਤੇ ਸ਼ਰਨ ਲੈਣੀ ਪੈ ਰਹੀ ਹੈ।

ਤੇਜ਼ ਪਾਣੀ ਦੇ ਵਹਾਅ ਕਾਰਨ ਰਾਹਤ ਅਤੇ ਬਚਾਅ ਟੀਮਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਡੀਆਰਐਫ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਲਘਰ ਪ੍ਰਸ਼ਾਸਨ ਨੇ ਰਾਜ ਸਰਕਾਰ ਤੋਂ ਇੱਕ ਹੋਰ NDRF ਟੀਮ ਭੇਜਣ ਦੀ ਮੰਗ ਕੀਤੀ ਹੈ। ਆਫ਼ਤ ਪ੍ਰਬੰਧਨ ਅਧਿਕਾਰੀ ਵਿਵੇਕਾਨੰਦ ਕਦਮ ਨੇ ਦੱਸਿਆ ਕਿ ਮਸਵਾਨ ਅਤੇ ਸਾਰਾਵਾਲੀ ਸਮੇਤ ਕਈ ਮਹੱਤਵਪੂਰਨ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ ਘਟੇਗਾ, ਪ੍ਰਭਾਵਿਤ ਲੋਕਾਂ ਤੱਕ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਅਤੇ ਪੀਣ ਵਾਲਾ ਪਾਣੀ ਪਹੁੰਚਾਉਣ ਦਾ ਕੰਮ ਤੇਜ਼ ਕੀਤਾ ਜਾਵੇਗਾ।

ਪਾਲਘਰ ਤੋਂ ਇਲਾਵਾ ਨੇੜਲੇ ਠਾਣੇ ਜ਼ਿਲ੍ਹੇ ਵਿੱਚ ਵੀ ਭਾਰੀ ਮੀਂਹ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਠਾਣੇ ਸ਼ਹਿਰ ਵਿੱਚ ਕਰੀਬ 99 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਤੇਜ਼ ਹਵਾਵਾਂ ਅਤੇ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਦਰੱਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕੁਝ ਵਾਹਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਪ੍ਰਸ਼ਾਸਨ ਅਨੁਸਾਰ ਠਾਣੇ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।

RELATED ARTICLES
- Advertisment -
Google search engine
Google search engine
Google search engine

Most Popular

Recent Comments