ਪਟਿਆਲਾ, 4 ਅਗਸਤ 2026 (ਦੀਪਕ ਦੱਤਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰੀ ਭਾਰਤ ਦੇ ਕਈ ਹੋਰ ਖੇਤਰਾਂ ਵਿੱਚ ਮੰਗਲਵਾਰ ਤੜਕੇ ਭਾਰੀ ਵਰਖਾ ਹੋਈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪਟਿਆਲਾ ਵਿੱਚ ਸਵੇਰੇ ਕਰੀਬ 3 ਵਜੇ ਤੋਂ ਮੋਹਲੇਧਾਰ ਮੀਂਹ ਸ਼ੁਰੂ ਹੋਇਆ ਜੋ ਸਵੇਰੇ ਦੇਰ ਤੱਕ ਰੁਕ-ਰੁਕ ਕੇ ਜਾਰੀ ਰਿਹਾ। ਲਗਾਤਾਰ ਵਰਖਾ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਅਤੇ ਮੁੱਖ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ। ਜਿਸ ਕਾਰਨ ਵਾਹਨ ਚਾਲਕਾਂ ਅਤੇ ਦਫ਼ਤਰਾਂ ਵੱਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਇਲਾਕਿਆਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਕਮੀ ਕਾਰਨ ਪਾਣੀ ਘਰਾਂ ਅਤੇ ਦੁਕਾਨਾਂ ਦੇ ਬਾਹਰ ਤੱਕ ਪਹੁੰਚ ਗਿਆ।
ਮੌਸਮ ਵਿਭਾਗ ਵੱਲੋਂ ਅਗਲੇ ਕੁਝ ਘੰਟਿਆਂ ਦੌਰਾਨ ਵੀ ਬੱਦਲਵਾਈ ਅਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਪਾਣੀ ਭਰੀਆਂ ਸੜਕਾਂ ‘ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।






