Home ਦੇਸ਼ 15 ਸੂਬਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ

15 ਸੂਬਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ

Monsoon intensifies across India, heavy rain alert issued for 15 states

0

ਨਵੀਂ ਦਿੱਲੀ, 13 ਅਗਸਤ, 2026 (ਹਰਸ਼ਪ੍ਰੀਤ ਕੌਰ) : ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਨੇ ਮੁੜ ਜ਼ੋਰ ਫੜ ਲਿਆ ਹੈ। ਮੌਸਮ ਪ੍ਰਣਾਲੀਆਂ ਸਰਗਰਮ ਹੋਣ ਕਾਰਨ ਅਗਲੇ ਚਾਰ ਦਿਨਾਂ ਦੌਰਾਨ 15 ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਸੂਬਿਆਂ ਲਈ ਮੌਸਮ ਵਿਭਾਗ ਵੱਲੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਵਿੱਚ ਮਾਨਸੂਨ ਟਰੱਫ ਸਰਗਰਮ ਹੈ, ਜਦਕਿ ਉੱਤਰੀ ਬੰਗਾਲ ਦੀ ਖਾੜੀ ਵਿੱਚ ਵੀ ਇੱਕ ਮੌਸਮੀ ਪ੍ਰਣਾਲੀ ਬਣੀ ਹੋਈ ਹੈ। ਇਸ ਦੇ ਨਾਲ ਉੱਤਰ-ਪੱਛਮੀ ਮੱਧ ਪ੍ਰਦੇਸ਼ ਉੱਪਰ ਘੱਟ ਦਬਾਅ ਵਾਲਾ ਖੇਤਰ ਅਤੇ ਪੱਛਮੀ ਗੜਬੜੀ ਵੀ ਸਰਗਰਮ ਹੈ। ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਕਈ ਖੇਤਰਾਂ ਵਿੱਚ ਮੀਂਹ ਦੀ ਤੀਬਰਤਾ ਵਧਣ ਦੀ ਸੰਭਾਵਨਾ ਹੈ।

ਰਾਜਸਥਾਨ ਵਿੱਚ ਮੀਂਹ ਨੇ ਵਧਾਈਆਂ ਮੁਸ਼ਕਲਾਂ

ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ। ਜੈਪੁਰ ਵਿੱਚ ਕਈ ਘੰਟਿਆਂ ਤੱਕ ਲਗਾਤਾਰ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਪਾਣੀ ਨਾਲ ਭਰੇ ਟੋਏ ਕਾਰਨ ਇੱਕ ਬੱਸ ਦੇ ਪਲਟਣ ਦੀ ਵੀ ਸੂਚਨਾ ਹੈ। ਮੀਂਹ ਅਤੇ ਸੜਕਾਂ ’ਤੇ ਡਿੱਗੇ ਦਰੱਖਤਾਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ।

ਉੱਤਰਾਖੰਡ ਵਿੱਚ ਲੈਂਡਸਲਾਈਡ, ਲੰਬੇ ਟ੍ਰੈਫਿਕ ਜਾਮ

ਉੱਤਰਾਖੰਡ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੇਹਰਾਦੂਨ-ਮਸੂਰੀ ਸੜਕ ’ਤੇ ਮਲਬਾ ਆਉਣ ਕਾਰਨ ਦੋਵੇਂ ਪਾਸਿਆਂ ਕਰੀਬ 10 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ। ਟਿਹਰੀ ਵਿੱਚ NH-707A ’ਤੇ ਪੀਪਲਦਾਲੀ ਨੇੜੇ ਲੈਂਡਸਲਾਈਡ ਕਾਰਨ ਕਈ ਵਾਹਨ ਫਸ ਗਏ। ਸੂਬੇ ਦੇ ਨੌਂ ਜ਼ਿਲ੍ਹਿਆਂ ਵਿੱਚ 67 ਸੜਕਾਂ ਬੰਦ ਹੋਣ ਦੀ ਜਾਣਕਾਰੀ ਹੈ।

ਮੱਧ ਪ੍ਰਦੇਸ਼ ਤੇ ਹਿਮਾਚਲ ਵਿੱਚ ਵੀ ਹਾਲਾਤ ਚਿੰਤਾਜਨਕ

ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਚਾਰ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਮਲਬਾ ਡਿੱਗਣ ਕਾਰਨ 204 ਸੜਕਾਂ ਬੰਦ ਹੋਣ ਦੀ ਸੂਚਨਾ ਹੈ।

ਬਿਹਾਰ ਵਿੱਚ 15 ਜ਼ਿਲ੍ਹਿਆਂ ਲਈ ਔਰੇਂਜ ਅਲਰਟ

ਮੌਸਮ ਵਿਭਾਗ ਨੇ ਬਿਹਾਰ ਦੇ 15 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 14 ਤੋਂ 18 ਅਗਸਤ ਤੱਕ ਪਟਨਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਬਿਜਲੀ ਡਿੱਗਣ ਨੂੰ ਲੈ ਕੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।

ਹਰਿਆਣਾ ਵਿੱਚ ਵੀ ਮਾਨਸੂਨ ਹੋਵੇਗਾ ਸਰਗਰਮ

ਹਰਿਆਣਾ ਵਿੱਚ ਵੀ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਰਾਤ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਮਾਨਸੂਨੀ ਗਤੀਵਿਧੀਆਂ ਵਧ ਸਕਦੀਆਂ ਹਨ। 15 ਅਗਸਤ ਤੱਕ ਕਈ ਇਲਾਕਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

 

Exit mobile version