Home ਹਰਿਆਣਾ ਹਰਿਆਣਾ ਨਗਰ ਨਿਗਮ ਚੋਣ ਨਤੀਜੇ: ਭਾਜਪਾ ਨੇ ਵਿਰੋਧੀਆਂ ਨੂੰ ਛੱਡਿਆ ਪਿੱਛੇ

ਹਰਿਆਣਾ ਨਗਰ ਨਿਗਮ ਚੋਣ ਨਤੀਜੇ: ਭਾਜਪਾ ਨੇ ਵਿਰੋਧੀਆਂ ਨੂੰ ਛੱਡਿਆ ਪਿੱਛੇ

0

ਹਰਿਆਣਾ:12ਜੁਲਾਈ (ਛਤਰਪਾਲ ਸਿੰਘ):ਹਰਿਆਣਾ ਦੇ ਸਥਾਨਕ ਨਿਕਾਇ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੀਪਤ, ਅੰਬਾਲਾ ਅਤੇ ਪੰਚਕੂਲਾ ਨਗਰ ਨਿਗਮਾਂ ਵਿੱਚ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਵੋਟਾਂ ਦੀ ਗਿਣਤੀ ਦੇ ਆਖ਼ਰੀ ਪੜਾਅ ਦੌਰਾਨ ਸਾਹਮਣੇ ਆਏ ਨਤੀਜਿਆਂ ਅਨੁਸਾਰ ਭਾਜਪਾ ਉਮੀਦਵਾਰਾਂ ਨੇ ਮੇਅਰ ਦੀਆਂ ਅਹਿਮ ਸੀਟਾਂ ਆਪਣੇ ਨਾਮ ਕਰ ਲਈਆਂ ਹਨ।

ਸੋਨੀਪਤ ਨਗਰ ਨਿਗਮ ਵਿੱਚ ਭਾਜਪਾ ਦੇ ਰਾਜੀਵ ਜੈਨ ਨੇ ਮੇਅਰ ਚੋਣ ਜਿੱਤ ਕੇ ਪਾਰਟੀ ਨੂੰ ਵੱਡੀ ਕਾਮਯਾਬੀ ਦਿਵਾਈ ਹੈ। ਇਸੇ ਤਰ੍ਹਾਂ ਅੰਬਾਲਾ ਵਿੱਚ ਭਾਜਪਾ ਦੀ ਅਕਸ਼ਿਤਾ ਸੈਣੀ ਨੇ ਮੇਅਰ ਅਹੁਦੇ ‘ਤੇ ਜਿੱਤ ਦਰਜ ਕੀਤੀ। ਪੰਚਕੂਲਾ ਵਿੱਚ ਵੀ ਭਾਜਪਾ ਦੇ ਸ਼ਿਆਮ ਬੰਸਲ ਨੇ ਜਿੱਤ ਹਾਸਲ ਕਰਕੇ ਪਾਰਟੀ ਦੀ ਲੀਡ ਨੂੰ ਹੋਰ ਮਜ਼ਬੂਤ ਕੀਤਾ।

ਅੰਬਾਲਾ ਨਗਰ ਨਿਗਮ ਦੇ ਵਾਰਡ ਨਤੀਜਿਆਂ ਵਿੱਚ ਭਾਜਪਾ ਨੇ 16 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੂੰ ਸਿਰਫ਼ ਤਿੰਨ ਵਾਰਡਾਂ ਵਿੱਚ ਹੀ ਸਫਲਤਾ ਮਿਲੀ। ਸ਼ੁਰੂਆਤੀ ਗਿਣਤੀ ਦੌਰਾਨ ਕਾਂਗਰਸ ਨੂੰ ਕੁਝ ਅਗਵਾਈ ਮਿਲੀ ਸੀ, ਪਰ ਬਾਅਦ ਵਿੱਚ ਭਾਜਪਾ ਨੇ ਬੜ੍ਹਤ ਬਣਾਉਂਦਿਆਂ ਚੋਣ ਮੈਦਾਨ ‘ਤੇ ਕਬਜ਼ਾ ਕਰ ਲਿਆ।

ਇਸ ਦੌਰਾਨ ਸਾਢੋਰਾ ਨਗਰ ਪਾਲਿਕਾ ਦੇ ਵਾਰਡ ਨੰਬਰ 9 ਦੀ ਉਪ ਚੋਣ ਵਿੱਚ ਭਾਜਪਾ ਸਮਰਥਿਤ ਉਮੀਦਵਾਰ ਲਖਵਿੰਦਰ ਸੈਣੀ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਲਖਵਿੰਦਰ ਸੈਣੀ ਨੂੰ 431 ਵੋਟਾਂ ਮਿਲੀਆਂ, ਜਦਕਿ ਇਨੇਲੋ ਦੇ ਉਮੀਦਵਾਰ ਇੰਦਰਜੀਤ ਨੂੰ 212 ਅਤੇ ਆਜ਼ਾਦ ਉਮੀਦਵਾਰ ਅਸ਼ੋਕ ਮਹਿਤਾ ਨੂੰ 102 ਵੋਟਾਂ ਪ੍ਰਾਪਤ ਹੋਈਆਂ। ਨਤੀਜੇ ਆਉਣ ਤੋਂ ਬਾਅਦ ਸਮਰਥਕਾਂ ਨੇ ਢੋਲ-ਨਗਾੜਿਆਂ ਨਾਲ ਜਸ਼ਨ ਮਨਾਇਆ ਅਤੇ ਮਿਠਾਈਆਂ ਵੰਡੀਆਂ।

ਜਿੱਤ ਤੋਂ ਬਾਅਦ ਲਖਵਿੰਦਰ ਸੈਣੀ ਨੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਸੋਚ ਦੀ ਜਿੱਤ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 10 ਮਈ ਨੂੰ ਹੋਈਆਂ ਇਨ੍ਹਾਂ ਚੋਣਾਂ ਵਿੱਚ ਕੁੱਲ 54.5 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਰਾਜ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 8.73 ਲੱਖ ਯੋਗ ਵੋਟਰਾਂ ਵਿੱਚੋਂ ਲਗਭਗ 4.75 ਲੱਖ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਚੋਣਾਂ ਲਈ ਸੂਬੇ ਭਰ ਵਿੱਚ 817 ਪੋਲਿੰਗ ਬੂਥ ਬਣਾਏ ਗਏ ਸਨ।

Exit mobile version