Home ਹਰਿਆਣਾ ਹਰਿਆਣਾ ਨੇ 60 ਸਾਲਾਂ ਵਿੱਚ ਤਰੱਕੀ ਦਾ ਲੰਮਾ ਸਫ਼ਰ ਤੈਅ ਕੀਤਾ, ਹੁਣ ਦੇਸ਼ ਦਾ ਪਹਿਲਾ...

ਹਰਿਆਣਾ ਨੇ 60 ਸਾਲਾਂ ਵਿੱਚ ਤਰੱਕੀ ਦਾ ਲੰਮਾ ਸਫ਼ਰ ਤੈਅ ਕੀਤਾ, ਹੁਣ ਦੇਸ਼ ਦਾ ਪਹਿਲਾ ਵਿਕਸਤ ਸੂਬਾ ਬਣਾਉਣ ਦਾ ਸੰਕਲਪ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana Aims to Become India's First Developed State: Chief Minister Nayab Singh Saini

0

ਚੰਡੀਗੜ੍ਹ, 1 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ ਆਪਣੇ ਗਠਨ ਦੇ 60 ਸਾਲਾਂ ਵਿੱਚ ਤਰੱਕੀ ਦਾ ਲੰਮਾ ਸਫ਼ਰ ਤੈਅ ਕੀਤਾ ਹੈ। ਮੌਜੂਦਾ ਸੂਬਾ ਸਰਕਾਰ ਨੇ ਹਰਿਆਣਾ ਨੂੰ ਦੇਸ਼ ਦਾ ਪਹਿਲਾ ਵਿਕਸਤ ਸੂਬਾ ਬਣਾਉਣ ਦਾ ਸੰਕਲਪ ਲਿਆ ਹੈ। ਇਸੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ-2047 ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਮੋਹਰੀ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਐਤਵਾਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ ਹਰਿਆਣਾ ਦਿਵਸ ਦੇ ਮੌਕੇ ‘ਤੇ ਕਰਵਾਏ ਗਏ ਹੀਰਕ ਜੈਅੰਤੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਸਮਾਰੋਹ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਦੀ ਵੀ ਗਰਿਮਾਮਈ ਮੌਜੂਦਗੀ ਰਹੀ। ਮੁੱਖ ਮੰਤਰੀ ਨੇ ਗੀਤਾ ਦੀ ਪਾਵਨ ਧਰਤੀ ‘ਤੇ ਰਾਸ਼ਟਰਪਤੀ ਦਾ ਸਵਾਗਤ ਅਤੇ ਅਭਿਨੰਦਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਇਤਿਹਾਸਕ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੂਬਾ ਵਾਸੀਆਂ ਲਈ ਮਾਣ ਅਤੇ ਗੌਰਵ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਰਾਸ਼ਟਰਪਤੀ ਦੇ ਜੀਵਨ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਉਪਰਬੇੜਾ ਤੋਂ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਤੱਕ ਪਹੁੰਚਣ ਦਾ ਉਨ੍ਹਾਂ ਦਾ ਸਫ਼ਰ ਭਾਰਤੀ ਲੋਕਤੰਤਰ ਦੀ ਤਾਕਤ ਅਤੇ ਸੰਵਿਧਾਨ ਦੀ ਮਰਿਆਦਾ ਦਾ ਪ੍ਰਤੀਕ ਹੈ। ਉਨ੍ਹਾਂ ਦੀ ਇਹ ਪ੍ਰੇਰਨਾਦਾਇਕ ਯਾਤਰਾ ਦੇਸ਼ ਦੀ ਹਰ ਧੀ, ਗਰੀਬ ਪਰਿਵਾਰ ਅਤੇ ਆਦਿਵਾਸੀ ਸਮਾਜ ਲਈ ਉਮੀਦ, ਆਤਮ-ਵਿਸ਼ਵਾਸ ਅਤੇ ਅੱਗੇ ਵਧਣ ਦੀ ਪ੍ਰੇਰਨਾ ਹੈ।

ਗੀਤਾ ਦੀ ਧਰਤੀ ਕੁਰੂਕਸ਼ੇਤਰ ਤੋਂ ਮਿਲਦਾ ਹੈ ਫਰਜ਼ ਅਤੇ ਲੋਕ ਭਲਾਈ ਦਾ ਸੰਦੇਸ਼

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਸਿਰਫ਼ ਇੱਕ ਸ਼ਹਿਰ ਨਹੀਂ, ਸਗੋਂ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਚੇਤਨਾ ਦਾ ਕੇਂਦਰ ਹੈ। ਇਸੇ ਪਾਵਨ ਧਰਤੀ ‘ਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਰਾਹੀਂ ਫਰਜ਼, ਸਾਹਸ ਅਤੇ ਲੋਕ ਭਲਾਈ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਸਾਲ 2022 ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਮੌਕੇ ‘ਤੇ ਰਾਸ਼ਟਰਪਤੀ ਦੀ ਕੁਰੂਕਸ਼ੇਤਰ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਰਾਸ਼ਟਰਪਤੀ ਨੇ ਗੀਤਾ ਨੂੰ ਮਨੁੱਖਤਾ ਲਈ ਅਧਿਆਤਮਿਕ ਰੋਸ਼ਨੀ ਅਤੇ ਜੀਵਨ ਨੂੰ ਦਿਸ਼ਾ ਦੇਣ ਵਾਲਾ ਮਹਾਨ ਗ੍ਰੰਥ ਦੱਸਿਆ ਸੀ। ਅੱਜ ਉਨ੍ਹਾਂ ਦੀ ਮੁੜ ਹਾਜ਼ਰੀ ਇਸ ਪਾਵਨ ਧਰਤੀ ਲਈ ਵਿਸ਼ੇਸ਼ ਮਾਣ ਦਾ ਮੌਕਾ ਹੈ।

ਕਿਸਾਨਾਂ, ਜਵਾਨਾਂ, ਖਿਡਾਰੀਆਂ ਅਤੇ ਮਾਤਰ-ਸ਼ਕਤੀ ਦੀ ਮਿਹਨਤ ਨਾਲ ਬਣੀ ਹਰਿਆਣਾ ਦੀ ਪਛਾਣ

ਮੁੱਖ ਮੰਤਰੀ ਨੇ ਕਿਹਾ ਕਿ 1 ਨਵੰਬਰ, 1966 ਨੂੰ ਹਰਿਆਣਾ ਦਾ ਗਠਨ ਹੋਇਆ ਸੀ। ਉਸ ਸਮੇਂ ਸੂਬੇ ਨੂੰ ਪਛੜੇ ਖੇਤਰ ਵਜੋਂ ਦੇਖਿਆ ਜਾਂਦਾ ਸੀ, ਪਰ ਅੱਜ ਹਰਿਆਣਾ ਦੇਸ਼ ਦੇ ਮੋਹਰੀ ਅਤੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਲ ਹੈ। ਇਹ ਉਪਲਬਧੀ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਉਦਯੋਗਪਤੀਆਂ, ਵਪਾਰੀਆਂ, ਖਿਡਾਰੀਆਂ ਅਤੇ ਮਾਵਾਂ-ਭੈਣਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਪਛਾਣ ਮਿਹਨਤੀ ਕਿਸਾਨਾਂ, ਬਹਾਦਰ ਜਵਾਨਾਂ, ਧਾਕੜ ਖਿਡਾਰੀਆਂ ਅਤੇ ਸਸ਼ਕਤ ਨਾਰੀ ਤੋਂ ਹੈ। ਸੂਬੇ ਦੀਆਂ ਧੀਆਂ ਅੱਜ ਖੇਤਾਂ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ, ਫੌਜ ਤੋਂ ਲੈ ਕੇ ਸਟਾਰਟਅੱਪ ਤੱਕ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਸੂਬੇ ਦਾ ਮਾਣ ਵਧਾ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉੱਥੇ ਹੀ ਪਸ਼ੂ ਪਾਲਕਾਂ ਨੇ ਦੁੱਧ ਉਤਪਾਦਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੇ ਕੇ ‘ਦੇਸ਼ਾਂ ਵਿੱਚ ਦੇਸ਼ ਹਰਿਆਣਾ, ਜਿੱਥੇ ਦੁੱਧ-ਦਹੀਂ ਦਾ ਖਾਣਾ‘ ਦੀ ਕਹਾਵਤ ਨੂੰ ਸਾਰਥਕ ਕੀਤਾ ਹੈ। ਸੂਬੇ ਦੇ ਜਵਾਨਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦਿਆਂ ਹਮੇਸ਼ਾ ਅਦੁੱਤੀ ਸਾਹਸ ਅਤੇ ਕੁਰਬਾਨੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਵੀ ਹਰਿਆਣਾ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਕਾਮਨਵੈਲਥ ਖੇਡਾਂ ਵਿੱਚ ਸੂਬੇ ਦੇ ਖਿਡਾਰੀਆਂ ਨੇ 11 ਤਗਮੇ ਅਤੇ ਏਸ਼ਿਆਈ ਖੇਡਾਂ ਵਿੱਚ 32 ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਜਦੋਂ ਵੀ ਅੰਤਰਰਾਸ਼ਟਰੀ ਮੰਚ ‘ਤੇ ਤਿਰੰਗਾ ਉੱਚਾ ਲਹਿਰਾਉਂਦਾ ਹੈ, ਉਸ ਵਿੱਚ ਹਰਿਆਣਾ ਦੀ ਮਿੱਟੀ ਦੀ ਮਿਹਨਤ ਅਤੇ ਪ੍ਰਤਿਭਾ ਦੀ ਮਹਿਕ ਹੁੰਦੀ ਹੈ।

ਖੇਤਰਫਲ ਵਿੱਚ ਛੋਟਾ, ਪਰ ਆਰਥਿਕ ਯੋਗਦਾਨ ਅਤੇ ਉਦਯੋਗਿਕ ਸਮਰੱਥਾ ਵਿੱਚ ਵੱਡਾ ਹੈ ਹਰਿਆਣਾ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤਰਫਲ ਦੇ ਲਿਹਾਜ਼ ਨਾਲ ਦੇਸ਼ ਦਾ ਛੋਟਾ ਸੂਬਾ ਹੈ, ਪਰ ਆਰਥਿਕ ਸਮਰੱਥਾ ਅਤੇ ਉਪਲਬਧੀਆਂ ਦੇ ਮਾਮਲੇ ਵਿੱਚ ਇਸ ਦੀ ਪਛਾਣ ਬਹੁਤ ਵੱਡੀ ਹੈ। ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਵਿੱਚ ਹਰਿਆਣਾ ਦੀ ਹਿੱਸੇਦਾਰੀ ਸਿਰਫ਼ 1.34 ਫੀਸਦੀ ਹੈ, ਜਦਕਿ ਦੇਸ਼ ਦੀ ਜੀਡੀਪੀ ਵਿੱਚ ਸੂਬੇ ਦਾ ਯੋਗਦਾਨ ਲਗਭਗ 3.6 ਫੀਸਦੀ ਹੈ। ਵੱਡੇ ਸੂਬਿਆਂ ਵਿੱਚ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣਨ ਵਾਲੀਆਂ ਹਰ ਤਿੰਨ ਵਿੱਚੋਂ ਦੋ ਯਾਤਰੀ ਕਾਰਾਂ ਦਾ ਉਤਪਾਦਨ ਹਰਿਆਣਾ ਵਿੱਚ ਹੁੰਦਾ ਹੈ। ਦੇਸ਼ ਦਾ ਹਰ ਦੂਜਾ ਟਰੈਕਟਰ ਅਤੇ ਹਰ 10 ਵਿੱਚੋਂ ਛੇ ਮੋਟਰਸਾਈਕਲਾਂ ਵੀ ਹਰਿਆਣਾ ਵਿੱਚ ਬਣਦੀਆਂ ਹਨ। ਇਸੇ ਤਰ੍ਹਾਂ ਭਾਰਤ ਦੇ ਬਾਸਮਤੀ ਚੌਲਾਂ ਦੇ ਨਿਰਯਾਤ ਵਿੱਚ ਹਰਿਆਣਾ ਦਾ ਯੋਗਦਾਨ 60 ਫੀਸਦੀ ਤੋਂ ਵੱਧ ਹੈ। ਇਹ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਉਦਯੋਗਿਕ ਉਤਪਾਦਨ ਤੋਂ ਲੈ ਕੇ ਖੇਤੀਬਾੜੀ ਨਿਰਯਾਤ ਤੱਕ ਹਰਿਆਣਾ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ।

ਨਵੀਨਤਾ ਅਤੇ ਲੋਕ ਭਲਾਈ ਦੀਆਂ ਪਹਿਲਕਦਮੀਆਂ ਵਿੱਚ ਹਰਿਆਣਾ ਨੇ ਸਥਾਪਤ ਕੀਤੇ ਨਵੇਂ ਕੀਰਤੀਮਾਨ

ਮੁੱਖ ਮੰਤਰੀ ਨੇ ਕਿਹਾ ਕਿ ਨਵੀਨਤਾ ਅਤੇ ਲੋਕ ਭਲਾਈ ਦੀਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵੀ ਹਰਿਆਣਾ ਨੇ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਾਰੀਆਂ ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕੀਤੀ ਜਾ ਰਹੀ ਹੈ। ਪਿੰਡਾਂ ਨੂੰ ਲਾਲ ਡੋਰਾ ਮੁਕਤ ਕਰਨ ਅਤੇ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦੇ ਗਠਨ ਦੀ ਪਹਿਲ ਵੀ ਸਭ ਤੋਂ ਪਹਿਲਾਂ ਹਰਿਆਣਾ ਨੇ ਕੀਤੀ। ਇਸ ਤੋਂ ਇਲਾਵਾ, ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਦਾ ਸੰਚਾਲਨ ਜੀਂਦ-ਸੋਨੀਪਤ ਵਿਚਕਾਰ ਹਰਿਆਣਾ ਵਿੱਚ ਹੋਇਆ ਹੈ। ਉੱਥੇ ਹੀ ਰੋਹਤਕ ਅਤੇ ਕੁਰੂਕਸ਼ੇਤਰ ਵਿੱਚ ਦੇਸ਼ ਦੇ ਪਹਿਲੇ ਐਲੀਵੇਟਿਡ ਰੇਲਵੇ ਟਰੈਕਾਂ ਦਾ ਨਿਰਮਾਣ ਕਰਕੇ ਸੂਬੇ ਨੇ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵੀ ਨਵੀਂ ਮਿਸਾਲ ਕਾਇਮ ਕੀਤੀ ਹੈ।

ਵਿਕਸਤ ਭਾਰਤ-2047 ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਹਰਿਆਣਾ ਨਿਭਾਏਗਾ ਮੋਹਰੀ ਭੂਮਿਕਾ

ਮੁੱਖ ਮੰਤਰੀ ਨੇ ਆਧੁਨਿਕ ਹਰਿਆਣਾ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਅਤੇ ਸੂਬਾ ਵਾਸੀਆਂ ਦੀ ਮਿਹਨਤ ਨੂੰ ਨਮਨ ਕਰਦਿਆਂ ਕਿਹਾ ਕਿ ਪਿਛਲੇ 60 ਸਾਲਾਂ ਵਿੱਚ ਹਰਿਆਣਾ ਨੇ ਵਿਕਾਸ ਦੀ ਲੰਮੀ ਯਾਤਰਾ ਤੈਅ ਕੀਤੀ ਹੈ। ਹੁਣ ਸਮਾਂ ਹੈ ਕਿ ਇਸ ਤਰੱਕੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾਵੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ-2047 ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਹਰਿਆਣਾ ਆਪਣੀ ਮੋਹਰੀ ਭੂਮਿਕਾ ਨਿਭਾਏਗਾ ਅਤੇ ਦੇਸ਼ ਦਾ ਪਹਿਲਾ ਵਿਕਸਤ ਸੂਬਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਵਿਕਾਸ ਯਾਤਰਾ ਸਿਰਫ਼ ਆਰਥਿਕ ਤਰੱਕੀ ਤੱਕ ਸੀਮਤ ਨਹੀਂ ਹੈ। ਸੂਬਾ ਤਰੱਕੀ ਦੇ ਨਾਲ ਇਨਸਾਨੀਅਤ, ਵਿਕਾਸ ਦੇ ਨਾਲ ਭਾਈਚਾਰਾ ਅਤੇ ਆਧੁਨਿਕਤਾ ਦੇ ਨਾਲ ਆਪਣੇ ਸੰਸਕਾਰਾਂ ਅਤੇ ਪਰੰਪਰਾਵਾਂ ਨੂੰ ਵੀ ਸਾਂਭ ਕੇ ਰੱਖੇਗਾ। ਇਹੀ ਹਰਿਆਣਾ ਦੀ ਅਸਲ ਪਛਾਣ ਹੈ ਅਤੇ ਇਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਸਭ ਤੋਂ ਵੱਡੀ ਵਿਰਾਸਤ ਹੈ।

ਛੇ ਦਹਾਕਿਆਂ ਵਿੱਚ ਹਰਿਆਣਾ ਨੇ ਸੀਮਤ ਸਾਧਨਾਂ ਦੇ ਬਾਵਜੂਦ ਆਪਣੀ ਮਿਹਨਤ ਅਤੇ ਸੰਕਲਪ ਦੇ ਬਲ ‘ਤੇ ਦੇਸ਼ ਵਿੱਚ ਬਣਾਈ ਵਿਸ਼ੇਸ਼ ਪਛਾਣ – ਅਨੁਰਾਗ ਰਸਤੋਗੀ

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ 1 ਨਵੰਬਰ, 1966 ਨੂੰ ਹੋਂਦ ਵਿੱਚ ਆਇਆ ਹਰਿਆਣਾ ਅੱਜ ਆਪਣੇ ਗਠਨ ਦੇ 60 ਸਾਲ ਪੂਰੇ ਕਰਕੇ ਹੀਰਕ ਜੈਅੰਤੀ ਮਨਾ ਰਿਹਾ ਹੈ। ਇਹ ਮੌਕਾ ਸੂਬੇ ਦੀ ਛੇ ਦਹਾਕਿਆਂ ਦੀ ਵਿਕਾਸ ਯਾਤਰਾ, ਮਿਹਨਤ, ਸੰਕਲਪ ਅਤੇ ਸਮੂਹਿਕ ਉਪਲਬਧੀਆਂ ਨੂੰ ਯਾਦ ਕਰਨ ਦਾ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਅਤੇ ਸੂਬਾ ਵਾਸੀਆਂ ਵੱਲੋਂ ਰਾਸ਼ਟਰਪਤੀ ਮਹੋਦਯਾ ਦਾ ਨਿੱਘਾ ਸਵਾਗਤ ਅਤੇ ਅਭਿਨੰਦਨ ਕਰਦਿਆਂ ਕਿਹਾ ਕਿ ਇਸ ਮਾਣਮੱਤੇ ਉਤਸਵ ਵਿੱਚ ਉਨ੍ਹਾਂ ਦੀ ਮੌਜੂਦਗੀ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਗਠਨ ਸਮੇਂ ਹਰਿਆਣਾ ਕੋਲ ਸੀਮਤ ਸਾਧਨ ਸਨ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਸੀ, ਪਰ ਸੂਬੇ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਨਾਲ ਖੇਤੀਬਾੜੀ, ਉਦਯੋਗ, ਸਿੱਖਿਆ, ਖੇਡਾਂ ਅਤੇ ਉੱਦਮਤਾ ਸਮੇਤ ਹਰ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਅੱਜ ਹਰਿਆਣਾ ਦੇਸ਼ ਦੇ ਅਨਾਜ ਭੰਡਾਰ ਵਿੱਚ ਅਹਿਮ ਯੋਗਦਾਨ ਪਾਉਣ ਦੇ ਨਾਲ-ਨਾਲ ਵਿਕਾਸ ਦੇ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ। ਇਹ ਉਪਲਬਧੀ ਸੂਬੇ ਦੇ ਕਿਸਾਨਾਂ, ਜਵਾਨਾਂ, ਮਜ਼ਦੂਰਾਂ, ਅਧਿਆਪਕਾਂ, ਵਿਗਿਆਨੀਆਂ, ਖਿਡਾਰੀਆਂ, ਉੱਦਮੀਆਂ ਅਤੇ ਹਰ ਹਰਿਆਣਵੀ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਇਸ ਮੌਕੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਸੰਸਦ ਮੈਂਬਰ ਸ੍ਰੀ ਨਵੀਨ ਜਿੰਦਲ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਆਦਿੱਤਿਆ ਦਹੀਆ, ਡਿਪਟੀ ਕਮਿਸ਼ਨਰ ਸ੍ਰੀ ਵਿਸ਼ਰਾਮ ਕੁਮਾਰ ਮੀਣਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Exit mobile version