ਚੰਡੀਗੜ੍ਹ, 15 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਵਿਕਾਸ ਦੀ ਇੱਕ ਪ੍ਰੇਰਨਾਦਾਇਕ ਯਾਤਰਾ ਤੈਅ ਕੀਤੀ ਹੈ ਅੱਜ ਭਾਰਤ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਅਤੇ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਜਪਾਲ ਅੱਜ ਮੁੱਖ ਮਹਿਮਾਨ ਵਜੋਂ ਅਨਾਜ ਮੰਡੀ ਜਗਾਧਰੀ, ਯਮੁਨਾਨਗਰ ਵਿੱਚ ਆਯੋਜਿਤ ਰਾਜ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੇ ਸ਼ੁਭ ਮੌਕੇ ‘ਤੇ ਕੌਮੀਝੰਡਾ ਲਹਿਰਾਉਣ ਤੋਂ ਬਾਅਦ ਪ੍ਰਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਜਨਤਾ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦੀ ਸਮਾਰਕ ‘ਤੇ ਸ਼ਹੀਦਾਂ ਨੂੰ ਆਪਣੀ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੇਡੀ ਗਵਰਨਰ ਸ਼੍ਰੀਮਤੀ ਮਿਤਰਾ ਘੋਸ਼ ਵੀ ਹਾਜ਼ਰ ਸਨ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਤਿਆਗ, ਕੁਰਬਾਨੀ ਅਤੇ ਸੰਘਰਸ਼ ਕਾਰਨ ਸਾਨੂੰ ਆਜ਼ਾਦ ਭਾਰਤ ਵਿੱਚ ਜੀਵਨ ਜਿਊਣ ਦਾ ਮਾਣ ਪ੍ਰਾਪਤ ਹੋਇਆ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ, ਬਾਲ ਗੰਗਾਧਰ ਤਿਲਕ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਡਾ. ਭੀਮਰਾਓ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਸ਼੍ਰੀ ਰਾਜਾਗੋਪਾਲਾਚਾਰੀ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਸ਼ਹੀਦ ਭਗਤ ਸਿੰਘ, ਸਰਦਾਰ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਖੁਦੀਰਾਮ ਬੋਸ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਦੇ ਨਾਲ-ਨਾਲ ਭਾਰਤ ਦੀ ਆਜ਼ਾਦੀ ਵਿੱਚ ਹਰਿਆਣਾ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ।ਹਰਿਆਣਾ ਦੇ ਰੇਵਾੜੀ ਦੇ ਰਾਜਾ ਰਾਵ ਤੁਲਾ ਰਾਮ, ਜਿਨ੍ਹਾਂ ਨੇ 1857 ਦੀ ਕ੍ਰਾਂਤੀ ਵਿੱਚ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ।
ਰਾਜਪਾਲ ਨੇ ਕਿਹਾ ਕਿ ਡਿਜੀਟਲ ਇੰਡੀਆ, ਸਟਾਰਟ-ਅੱਪ ਇੰਡੀਆ, ਮੇਕ ਇਨ ਇੰਡੀਆ, ਡਿਜੀਟਲ ਪੇਮੈਂਟ ਸਿਸਟਮ, ਆਤਮ-ਨਿਰਭਰ ਭਾਰਤ ਆਦਿ ਖੇਤਰਾਂ ਵਿੱਚ ਭਾਰਤ ਨੇ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਹਰਿਆਣਾ ਦੇ ਕਿਸਾਨਾਂ ਨੇ ਆਧੁਨਿਕ ਤਕਨੀਕ ਅਪਣਾ ਕੇ ਖੇਤੀਬਾੜੀ ਉਤਪਾਦਨ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਸਰਕਾਰ ਵੱਲੋਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ, ਮੇਰੀ ਫਸਲ-ਮੇਰਾ ਬਿਓਰਾ, ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਮੁਹਿੰਮ ਵਰਗੀਆਂ ਯੋਜਨਾਵਾਂ ਨਾਲ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾ ਰਿਹਾ ਹੈ।ਉੱਥੇ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਹਰਿਆਣਾ ਨਿਰੰਤਰ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਸਰਕਾਰ ਨੇ ਸਾਲ 2026-27 ਦੇ ਬਜਟ ਵਿੱਚ ਸਿੱਖਿਆ ਬਜਟ ਨੂੰ ਲਗਭਗ 10 ਪ੍ਰਤੀਸ਼ਤ ਤੱਕ ਵਧਾਇਆ ਹੈ। ਰਾਜ ਸਰਕਾਰ ਹਰੇਕ ਨਾਗਰਿਕ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਚਿਰਾਯੂ ਆਯੁਸ਼ਮਾਨ ਹਰਿਆਣਾ, ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਤੇ ਆਯੁਸ਼ਮਾਨ ਭਾਰਤ ਹੈਲਥ ਅਤੇ ਵੈੱਲਨੈੱਸ ਸੈਂਟਰਾਂ ਰਾਹੀਂ ਸਿਹਤ ਸੇਵਾਵਾਂ ਦਾ ਵਿਆਪਕ ਵਿਸਥਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 10 ਅਗਸਤ ਨੂੰ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ, ਸਮਾਜਿਕ ਸੁਰੱਖਿਆ ਪੈਨਸ਼ਨ, ਦਿਆਲੂ, ਹਰ ਘਰ-ਹਰ ਗ੍ਰਹਿਣੀ ਅਤੇ ਹਰੀ ਖਾਦ ਯੋਜਨਾ ਤਹਿਤ 50 ਲੱਖ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 1595 ਕਰੋੜ ਰੁਪਏ ਡੀਬੀਟੀ ਦੇ ਮਾਧਿਅਮ ਨਾਲ ਭੇਜੇ ਗਏ ਹਨ।
ਦੇਸ਼ ਦੀ ਆਬਾਦੀ ਵਿੱਚ ਲਗਭਗ 2.2 ਪ੍ਰਤੀਸ਼ਤ ਦੀ ਭਾਈਵਾਲੀ ਰੱਖਣ ਵਾਲਾ ਹਰਿਆਣਾ ਓਲੰਪਿਕ, ਪੈਰਾ ਓਲੰਪਿਕ, ਏਸ਼ੀਅਨ ਗੇਮਜ਼, ਅਤੇ ਕਾਮਨਵੇਲਥ ਗੇਮਜ਼ ਵਿੱਚ ਭਾਰਤ ਲਈ ਸਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਨੂੰ ਅਨੇਕਾਂ ਵਿਸ਼ਵ ਪੱਧਰੀ ਖਿਡਾਰੀ ਪ੍ਰਦਾਨ ਕਰਦਾ ਰਿਹਾ ਹੈ। ਕਾਮਨਵੇਲਥ ਗੇਮਜ਼ ਵਿੱਚ ਹਰਿਆਣਾ ਦੇ ਹਿੱਸੇ 7 ਸੋਨੇ, 2 ਚਾਂਦੀ ਅਤੇ 1 ਕਾਂਸੀ ਦਾ ਆਉਣਾ ਹਰਿਆਣਾ ਦੀ ਸ਼ਾਨਦਾਰ ਖੇਡ ਵਿਵਸਥਾ ਦੀ ਉਦਾਹਰਨ ਹੈ।ਰਾਜ ਸਰਕਾਰ ਵੱਲੋਂ ਮੈਡਲ ਜੇਤੂਆਂ ਲਈ ਆਕਰਸ਼ਕ ਨਕਦ ਇਨਾਮ, ਸਰਕਾਰੀ ਸੇਵਾਵਾਂ ਵਿੱਚ ਨਿਯੁਕਤੀ ਅਤੇ ਖੇਡ ਨਰਸਰੀ, ਮੁੱਖ ਮੰਤਰੀ ਖੇਡ ਪ੍ਰੋਤਸਾਹਨ ਯੋਜਨਾ, ਭੀਮ ਪੁਰਸਕਾਰ ਅਤੇ ਰਾਜ ਦੀ ਸਮੁੱਚੀ ਖੇਡ ਨੀਤੀ ਨੌਜਵਾਨ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰੇਰਿਤ ਕਰ ਰਹੀ ਹੈ।
ਰਾਜਪਾਲ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦੀ ਹਰਿਆਣਾ ਤੋਂ ਸ਼ੁਰੂਆਤ ਹੋਣਾ ਪੂਰੇ ਦੇਸ਼ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ। ਇਸ ਟ੍ਰੇਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ, ਇਹ ਪਹਿਲ ਭਾਰਤ ਨੂੰ ਵਾਤਾਵਰਣ-ਪੱਖੀ ਆਵਾਜਾਈ ਵਿਵਸਥਾ ਦੀ ਦਿਸ਼ਾ ਵਿੱਚ ਨਵੀਂ ਪਛਾਣ ਪ੍ਰਦਾਨ ਕਰੇਗੀ। ਹਾਲ ਹੀ ਵਿੱਚ ਹਰਿਆਣਾ ਵਿੱਚ ਲਗਭਗ 14,700 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸ ਨਾਲ ਸੜਕ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਨਵੀਂ ਗਤੀ ਮਿਲੇਗੀ। ਹਰਿਆਣਾ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣਾਉਣ ਲਈ ਆਧੁਨਿਕ ਤਕਨਾਲੋਜੀ ਨੂੰ ਨਿਰੰਤਰ ਮਜ਼ਬੂਤ ਕੀਤਾ ਹੈ।ਯਮੁਨਾਨਗਰ ਜ਼ਿਲ੍ਹਾ ਆਪਣੇ ਪਲਾਈਵੁੱਡ ਉਦਯੋਗ, ਕਾਗਜ਼ ਉਦਯੋਗ, ਸਟੇਨਲੈੱਸ ਸਟੀਲ ਦੇ ਬਰਤਨ ਉਦਯੋਗ ਅਤੇ ਖੰਡ ਉਦਯੋਗ ਆਦਿ ਲਈ ਪੂਰੇ ਦੇਸ਼ ਵਿੱਚ ਪ੍ਰਸਿੱਧ ਹੈ ਅਤੇ ਹਰਿਆਣਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਲ 2047 ਵਿੱਚ ਜਦੋਂ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ, ਉਦੋਂ ਸਾਡਾ ਟੀਚਾ ਇੱਕ ਵਿਕਸਿਤ, ਖੁਸ਼ਹਾਲ, ਆਤਮ-ਨਿਰਭਰ ਅਤੇ ਸਮਾਵੇਸ਼ੀ ਭਾਰਤ ਦਾ ਨਿਰਮਾਣ ਕਰਨਾ ਹੈ।
ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਮਾਰਚ ਪਾਸਟ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਮਾਰਚ ਪਾਸਟ ਵਿੱਚ ਹਰਿਆਣਾ ਪੁਲਿਸ ਅਕੈਡਮੀ ਦੀ ਪੁਲਿਸ ਦੇ ਪੁਰਸ਼ਾਂ ਦੀ ਟੀਮ ਪਹਿਲੇ, ਹਰਿਆਣਾ ਐੱਨ.ਸੀ.ਸੀ. ਬਟਾਲੀਅਨ ਕੁੜੀਆਂ ਦੀ ਟੁਕੜੀ ਦੂਜੇ ਅਤੇ ਉੱਤਰਾਖੰਡ ਪੁਲਿਸ ਪੁਰਸ਼ਾਂ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਰਿਆਣਵੀ ਨ੍ਰਿਤ ਵਿੱਚ ਨਿਊ ਹੈਪੀ ਪਬਲਿਕ ਸਕੂਲ ਪਹਿਲੇ, ਲੈਅਬੱਧ ਯੋਗ ਪ੍ਰਦਰਸ਼ਨ ਵਿੱਚ ਮੁਕੰਦ ਪਬਲਿਕ ਸਕੂਲ ਦੂਜੇ ਅਤੇ ਗਿੱਧੇ ਵਿੱਚ ਐੱਮ.ਐੱਲ.ਐੱਨ. ਕਾਲਜ ਤੀਜੇ ਸਥਾਨ ‘ਤੇ ਰਹੇ।ਇਸ ਮੌਕੇ ਰਾਜਪਾਲ ਨੇ ਯੁੱਧ ਵੀਰਾਂਗਨਾਵਾਂ ਨੂੰ ਸਨਮਾਨਿਤ ਵੀ ਕੀਤਾ ਇਸ ਤੋਂ ਬਾਅਦ ਰਾਜਪਾਲ ਨੇ ਰੈੱਡ ਕਰਾਸ ਦੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਹਰਿਆਣਾ ਦੇ ਡੀ.ਜੀ.ਪੀ. ਅਜੇ ਸਿੰਘਲ, ਆਈ.ਜੀ. ਪੰਕਜ ਨੈਨ, ਜ਼ਿਲ੍ਹਾ ਸੈਸ਼ਨ ਜੱਜ ਦਿਆਨੰਦ ਭਾਰਦਵਾਜ, ਡਿਪਟੀ ਕਮਿਸ਼ਨਰ ਪ੍ਰੀਤੀ, ਪੁਲਿਸ ਸੁਪਰਡੈਂਟ ਕਮਲਦੀਪ ਗੋਇਲ, ਨਗਰ ਨਿਗਮ ਦੇ ਕਮਿਸ਼ਨਰ ਮਹਾਬੀਰ ਪ੍ਰਸਾਦ, ਸਾਬਕਾ ਮੰਤਰੀ ਕੰਵਰਪਾਲ ਗੁਰਜਰ, ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ (ਸ਼ਿਕਾਇਤ ਨਿਵਾਰਨ) ਭੋਪਾਲ ਸਿੰਘ ਖਦਰੀ, ਸਾਬਕਾ ਵਿਧਾਇਕ ਈਸ਼ਵਰ ਸਿੰਘ ਪਲਾਕਾ, ਬਲਵੰਤ ਸਿੰਘ, ਨਗਰ ਨਿਗਮ ਦੀ ਮੇਅਰ ਸੁਮਨ ਬਹਮਨੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਮੇਸ਼ ਠਸਕਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ ਸਮੇਤ ਵਿਭਿੰਨ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
