Home ਪੰਜਾਬ ਦੇਸ਼ ਸੇਵਾ ਕਰਦਿਆਂ ਕਰੰਟ ਦੀ ਚਪੇਟ ‘ਚ ਆਏ ਹਰਮੇਸ਼ ਸਿੰਘ ਨੇ ਦਿੱਤੀ...

ਦੇਸ਼ ਸੇਵਾ ਕਰਦਿਆਂ ਕਰੰਟ ਦੀ ਚਪੇਟ ‘ਚ ਆਏ ਹਰਮੇਸ਼ ਸਿੰਘ ਨੇ ਦਿੱਤੀ ਸ਼ਹਾਦਤ

0

ਮਮਦੋਟ, 21 ਜੁਲਾਈ,2026(ਲਛਮਣ ਜੀਤ ਸਿੰਘ ਪੁਰਬਾ): ਸਰਹੱਦੀ ਖੇਤਰ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਨਾਲ ਸਬੰਧਤ ਭਾਰਤੀ ਫੌਜ ਦੇ ਜਵਾਨ ਹਰਮੇਸ਼ ਸਿੰਘ (32) ਡਿਊਟੀ ਦੌਰਾਨ ਪੱਛਮੀ ਬੰਗਾਲ ਦੇ ਪਾਨਾਗੜ ਵਿਖੇ ਕਰੰਟ ਲੱਗਣ ਕਾਰਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਨਾਲ ਪਰਿਵਾਰ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ 17 ਜੁਲਾਈ ਨੂੰ ਸਵੇਰੇ ਕਰੀਬ 11 ਵਜੇ ਹਰਮੇਸ਼ ਸਿੰਘ ਆਪਣੀ ਡਿਊਟੀ ਨਿਭਾ ਰਹੇ ਸਨ, ਜਦੋਂ ਅਚਾਨਕ ਉਹ ਕਰੰਟ ਦੀ ਚਪੇਟ ਵਿੱਚ ਆ ਗਏ। ਸਾਥੀ ਫੌਜੀਆਂ ਨੇ ਉਨ੍ਹਾਂ ਨੂੰ ਤੁਰੰਤ ਪਾਨਾਗੜ ਦੇ ਆਰਮੀ ਹਸਪਤਾਲ ਪਹੁੰਚਾਇਆ, ਜਿੱਥੇ ਦੋ ਦਿਨ ਤੱਕ ਇਲਾਜ ਚੱਲਣ ਤੋਂ ਬਾਅਦ 19 ਜੁਲਾਈ ਦੀ ਰਾਤ ਕਰੀਬ 8 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਸ਼ਹੀਦ ਜਵਾਨ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਹਰਮੇਸ਼ ਸਿੰਘ ਕਰੀਬ 12 ਸਾਲ ਪਹਿਲਾਂ ਭਾਰਤੀ ਫੌਜ ਦੀ 2 ਸਿਖਲਾਈ ਯੂਨਿਟ ਵਿੱਚ ਭਰਤੀ ਹੋਏ ਸਨ। ਉਹ ਇਸ ਸਾਲ ਮਾਰਚ ਮਹੀਨੇ ਆਪਣੇ ਜੱਦੀ ਪਿੰਡ ਰਾਉਕੇ ਹਿਠਾੜ ਵਿਖੇ ਛੁੱਟੀਆਂ ਬਿਤਾ ਕੇ ਮੁੜ ਡਿਊਟੀ ‘ਤੇ ਪਰਤੇ ਸਨ।

ਹਰਮੇਸ਼ ਸਿੰਘ ਆਪਣੇ ਪਿੱਛੇ ਪਤਨੀ ਸੀਮਾ ਰਾਣੀ, ਚਾਰ ਸਾਲਾ ਪੁੱਤਰ ਸਿਮਰਨਪ੍ਰੀਤ ਸਿੰਘ, ਤਿੰਨ ਸਾਲਾ ਧੀ ਸ਼ਹਿਨਸ਼ਾਹ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅਚਾਨਕ ਸ਼ਹਾਦਤ ਨਾਲ ਪਿੰਡ ਰਾਉਕੇ ਹਿਠਾੜ ਵਿੱਚ ਗਮ ਦਾ ਮਾਹੌਲ ਹੈ ਅਤੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।

ਸ਼ਹੀਦ ਹਰਮੇਸ਼ ਸਿੰਘ ਦੀ ਪਾਰਥਿਵ ਦੇਹ 21 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇਗੀ। ਇਸ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਸ਼ਹੀਦ ਨੂੰ ਨਮਨ ਕਰਦਿਆਂ ਕਿਹਾ ਕਿ ਹਰਮੇਸ਼ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Exit mobile version