ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਹਲਕੇ ਵਿੱਚ ਵਿਸ਼ਵਕਰਮਾ ਦਿਵਸ ਦੇ ਸਮਾਗਮਾਂ ’ਚ ਕੀਤੀ ਸ਼ਿਰਕਤ

ਲਹਿਰਾਗਾਗਾ, 9 ਨਵੰਬਰ
ਵਿਸ਼ਵਕਰਮਾ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡਾਂ ਘੋੜੇਨਾਬ, ਰੋੜੇਵਾਲਾ, ਰਾਏਧਰਾਣਾ ਤੇ ਮੰਡਵੀ ਅਤੇ ਲਹਿਰਾ ਮੰਡੀ ਵਿਖੇ ਕਰਵਾਏ ਗਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਨੂੰ ਸ਼ਰਧਾ ਪੁਸ਼ਪ ਭੇਟ ਕੀਤੇ ਅਤੇ ਸਮਾਗਮਾਂ ਵਿੱਚ ਹਾਜ਼ਰ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਸਮਾਗਮਾਂ ਦੌਰਾਨ ਸ਼੍ਰੀ ਗੋਇਲ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਸ਼ਿਲਪਕਲਾ, ਨਿਰਮਾਣ ਅਤੇ ਸਿਰਜਣਾਤਮਕ ਹੁਨਰ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਨੂੰ ਹੱਥੀਂ ਕਿਰਤ ਦਾ ਸਤਿਕਾਰ ਕਰਨ ਅਤੇ ਆਪਣਾ ਕੰਮ ਲਗਨ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੇ ਸੰਦ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਤੋਂ ਲੈ ਕੇ ਘਰਾਂ ਦੀ ਉਸਾਰੀ ਅਤੇ ਉਦਯੋਗਿਕ ਮਸ਼ੀਨਰੀ ਦੀ ਸਾਂਭ-ਸੰਭਾਲ ਤੱਕ, ਹੁਨਰਮੰਦ ਕਾਰੀਗਰਾਂ ਦੀ ਅਹਿਮ ਭੂਮਿਕਾ ਹੈ।
ਘੋੜੇਨਾਬ, ਰੋੜੇਵਾਲਾ, ਰਾਏਧਰਾਣਾ, ਮੰਡਵੀ ਅਤੇ ਲਹਿਰਾ ਮੰਡੀ ਵਿਖੇ ਲੋਕਾਂ ਨੂੰ ਦਿੱਤੀਆਂ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰੀਗਰਾਂ ਦੀ ਮਿਹਨਤ ਪੰਜਾਬ ਦੀ ਆਰਥਿਕ ਤਰੱਕੀ ਦਾ ਅਹਿਮ ਆਧਾਰ ਹੈ। ਤਜਰਬੇਕਾਰ ਕਾਰੀਗਰਾਂ ਤੋਂ ਸਿੱਖੇ ਰਵਾਇਤੀ ਹੁਨਰਾਂ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਨੌਜਵਾਨ ਆਪਣੇ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ।





