ਵੈਲਿੰਗਟਨ ,17 ਜੁਲਾਈ(ਸ਼ਹੀਦ-ਏ-ਆਜ਼ਮ): ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਕਿਸੇ ਦੇਸੀ ਪੰਛੀ ਵਿੱਚ ਘਾਤਕ H5N1 ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਦੱਸਿਆ ਕਿ ਉੱਤਰੀ ਟਾਪੂ ਦੇ ਵਾਇਰਾਰਾਪਾ (Wairarapa) ਖੇਤਰ ਵਿੱਚ ਮਿਲੇ ਸਵੈਂਪ ਹੈਰੀਅਰ ਹਾਕ (ਕਾਹੂ) ਵਿੱਚ ਇਹ ਵਾਇਰਸ ਪਾਇਆ ਗਿਆ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਹੀ ਦੇਸ਼ ਵਿੱਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਵੈਲਿੰਗਟਨ ਨੇੜੇ ਮਿਲੇ ਇੱਕ ਬ੍ਰਾਊਨ ਸਕੂਆ ਨਾਮਕ ਪਰਵਾਸੀ ਸਮੁੰਦਰੀ ਪੰਛੀ ਵਿੱਚ H5N1 ਦੀ ਪੁਸ਼ਟੀ ਹੋਈ ਸੀ।
ਬਾਇਓਸਿਕਿਊਰਿਟੀ ਮੰਤਰੀ ਐਂਡਰੂ ਹੋਗਾਰਡ ਨੇ ਕਿਹਾ ਕਿ ਦੇਸੀ ਪੰਛੀ ਵਿੱਚ ਵਾਇਰਸ ਮਿਲਣਾ ਨਿਰਾਸ਼ਾਜਨਕ ਹੈ, ਪਰ ਪਹਿਲੇ ਮਾਮਲੇ ਤੋਂ ਬਾਅਦ ਇਹ ਅਣਉਮੀਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕਾਹੂ ਸਰਦੀਆਂ ਦੌਰਾਨ ਸਮੁੰਦਰੀ ਤੱਟਾਂ ‘ਤੇ ਸ਼ਿਕਾਰ ਕਰਨ ਜਾਂ ਮਰੇ ਹੋਏ ਪੰਛੀਆਂ ਨੂੰ ਖਾਣ ਲਈ ਜਾਂਦਾ ਹੈ, ਜਿਸ ਕਾਰਨ ਇਹ ਸੰਕਰਮਿਤ ਹੋ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਦੇਸ਼ ਵਿੱਚ ਕਿਸੇ ਵੀ ਪੋਲਟਰੀ ਫਾਰਮ ਜਾਂ ਘਰੇਲੂ ਮੁਰਗੀਆਂ ਵਿੱਚ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਸਿਹਤ ਅਤੇ ਜੰਗਲੀ ਜੀਵ ਸੰਰੱਖਣ ਅਧਿਕਾਰੀਆਂ ਨੇ ਦੇਸ਼ ਦੀਆਂ ਸਭ ਤੋਂ ਸੰਕਟਗ੍ਰਸਤ ਪੰਛੀ ਪ੍ਰਜਾਤੀਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ। ਪੰਜ ਦੁਰਲੱਭ ਪ੍ਰਜਾਤੀਆਂ, ਜਿਨ੍ਹਾਂ ਵਿੱਚ ਟਾਕਾਹੇ ਅਤੇ ਕਾਕਾਪੋ ਵੀ ਸ਼ਾਮਲ ਹਨ, ਦੇ ਲਗਭਗ 300 ਪ੍ਰਜਨਨ ਪੰਛੀਆਂ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪੰਛੀਆਂ ਦੀ ਸੁਰੱਖਿਆ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ।
