ਨਵੀਂ ਦਿੱਲੀ: 22 ਜੁਲਾਈ, 2026 (ਬਲਜੀਤ ਸਰਨਾ)ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਗੁਰੂ ਰੰਧਾਵਾ ਨੇ CJP ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ‘ਤੇ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਨੌਜਵਾਨਾਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ।
ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਨੌਜਵਾਨਾਂ ਦੇ ਮੁੱਦੇ ਕਿਸੇ ਇੱਕ ਖੇਤਰ ਜਾਂ ਵਰਗ ਤੱਕ ਸੀਮਿਤ ਨਹੀਂ ਹੁੰਦੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ ਵਿਚਾਰਾਂ ਤੋਂ ਉੱਪਰ ਉੱਠ ਕੇ ਵਿਦਿਆਰਥੀਆਂ ਦੀਆਂ ਗੱਲਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਦਿਆਰਥੀਆਂ ਦੇ ਸੁਪਨੇ ਅਤੇ ਸੰਘਰਸ਼ ਪੂਰੇ ਭਾਰਤ ਨਾਲ ਜੁੜੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਸ ਮਾਮਲੇ ਦਾ ਹੱਲ ਗੱਲਬਾਤ ਅਤੇ ਸਮਝਦਾਰੀ ਨਾਲ ਕੱਢਿਆ ਜਾਵੇਗਾ।
ਸੰਗੀਤਕ ਕਰੀਅਰ ਵਿੱਚ ਵੀ ਨਵਾਂ ਪ੍ਰਯੋਗ
ਗੁਰੂ ਰੰਧਾਵਾ ਪਿਛਲੇ ਇੱਕ ਦਹਾਕੇ ਤੋਂ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ‘ਹਾਈ ਰੇਟਡ ਗੱਭਰੂ’, ‘ਲਾਹੌਰ’ ਅਤੇ ‘ਪਟੋਲਾ’ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਲੋਕਪ੍ਰਿਯ ਬਣਾਇਆ।
ਹੁਣ ਉਨ੍ਹਾਂ ਦਾ ਨਵਾਂ ਮਿਊਜ਼ਿਕ ਪ੍ਰੋਜੈਕਟ ‘SIX’ ਵੀ ਚਰਚਾ ਵਿੱਚ ਹੈ। ਇਸ ਵਿੱਚ ਗੁਰੂ ਰੰਧਾਵਾ ਨੇ ਪੰਜਾਬੀ ਸੰਗੀਤ ਦੀ ਰਵਾਇਤੀ ਧੁਨ ਨੂੰ ਆਧੁਨਿਕ ਹਿਪ-ਹਾਪ ਸਾਊਂਡ, 808 ਬੇਸਲਾਈਨ ਅਤੇ ਨਵੀਆਂ ਬੀਟਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।
ਆਪਣੇ ਗੀਤਾਂ ਅਤੇ ਵਿਲੱਖਣ ਸੰਗੀਤਕ ਅੰਦਾਜ਼ ਕਾਰਨ ਗੁਰੂ ਰੰਧਾਵਾ ਅੱਜ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੰਜਾਬੀ ਕਲਾਕਾਰਾਂ ਵਿੱਚ ਸ਼ਾਮਲ ਹਨ।
