ਚੰਡੀਗੜ੍ਹ, 25 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਵਿੱਚ ਬੀਤੇ ਕਰੀਬ ਚਾਰ ਸਾਲਾਂ ਦੌਰਾਨ ਉਨ੍ਹਾਂ ਨੇ “ਅਸਲ ਵਿੱਚ ਕੁਝ ਵੀ ਨਹੀਂ ਖੱਟਿਆ।” ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਸੀ ਕਿ ਪੰਜਾਬ ਨਾਲ ਜੁੜੇ ਮਾਮਲਿਆਂ ’ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਸਮਝਣ ਵਿੱਚ ਲਗਭਗ 60 ਸਾਲ ਬਿਤਾਏ ਹਨ ਅਤੇ ਉਹ ਸੂਬੇ ਦੇ ਹਾਲਾਤਾਂ ਤੋਂ ਜਾਣੂ ਹਨ। ਇਸ ਦੇ ਬਾਵਜੂਦ ਪੰਜਾਬ ਨਾਲ ਸਬੰਧਤ ਮਾਮਲਿਆਂ ਵਿੱਚ ਉਨ੍ਹਾਂ ਦੀ ਰਾਇ ਨਹੀਂ ਲਈ ਗਈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਫਿਲਹਾਲ ਭਾਜਪਾ ਵਿੱਚ ਹੀ ਰਹਿਣਗੇ ਅਤੇ ਕਾਂਗਰਸ ਵਿੱਚ ਵਾਪਸੀ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣੀ ਸਿਆਸਤ ਵਿੱਚ ਖੁਦ ਚੋਣ ਲੜਨ ਦੇ ਉਨ੍ਹਾਂ ਦੇ ਦਿਨ ਹੁਣ ਖ਼ਤਮ ਹੋ ਚੁੱਕੇ ਹਨ। ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਉਨ੍ਹਾਂ ਮੁੜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਦੀ ਵਕਾਲਤ ਕੀਤੀ। ਕੈਪਟਨ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਪਣੀ ਸਿਆਸੀ ਪਾਰਟੀ ਬਣਾਈ ਸੀ।
ਭਾਜਪਾ ’ਚ ਚਾਰ ਸਾਲਾਂ ਦੌਰਾਨ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ
Captain Amarinder Singh Says He Gained Nothing During Four Years in BJP
