ਫ਼ਤਿਹਗੜ੍ਹ ਸਾਹਿਬ, 7 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਗੱਤਕਾ ਖਿਡਾਰੀਆਂ ਨੇ ਸ੍ਰੀਨਗਰ, ਜੰਮੂ-ਕਸ਼ਮੀਰ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 29 ਸਤੰਬਰ ਤੋਂ 1 ਅਕਤੂਬਰ 2026 ਤੱਕ ਸ਼ੇਰ-ਏ-ਕਸ਼ਮੀਰ ਇੰਡੋਰ ਸਟੇਡੀਅਮ, ਸ੍ਰੀਨਗਰ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਚਾਰ ਖਿਡਾਰੀਆਂ ਨੇ ਆਪੋ-ਆਪਣੀਆਂ ਸੂਬਾਈ ਟੀਮਾਂ ਦੀ ਨੁਮਾਇੰਦਗੀ ਕਰਦਿਆਂ ਇੱਕ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। ਅਗਮਜੋਤ ਸਿੰਘ, ਬੀਪੀਈਐੱਸ ਪਹਿਲਾ ਸਾਲ ਨੇ ਸੋਨੇ ਦਾ ਤਮਗਾ, ਜੀਵਨਜੋਤ ਸਿੰਘ, ਡਿਪਲੋਮਾ ਇਨ ਗੱਤਕਾ ਅਤੇ ਜੁਗਜੀਤ ਸਿੰਘ, ਬੀਸੀਏ ਪਹਿਲਾ ਸਾਲ ਨੇ ਚਾਂਦੀ ਦੇ ਤਮਗੇ, ਜਦਕਿ ਹਰਲੀਨ ਸਿੰਘ, ਐੱਮਪੀਐੱਡ ਫਾਈਨਲ ਸਾਲ ਨੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਸ਼ਾਨਦਾਰ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਗੱਤਕਾ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਵਿਸ਼ੇਸ਼ ਤੌਰ ’ਤੇ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐੱਸ ਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿੱਚ ਇੱਕ ਸਾਲਾ ਡਿਪਲੋਮਾ ਇਨ ਗੱਤਕਾ ਕੋਰਸ ਵੀ ਚਲਾਇਆ ਜਾ ਰਿਹਾ ਹੈ। ਇਸ ਕੋਰਸ ਰਾਹੀਂ ਨੌਜਵਾਨਾਂ ਨੂੰ ਗੱਤਕਾ ਦੀ ਵਿਧੀਵਤ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖ ਮਾਰਸ਼ਲ ਆਰਟ ਦੀ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਭੁੱਲਰ, ਗੱਤਕਾ ਖਿਡਾਰੀਆਂ ਅਤੇ ਕੋਚ ਤਲਵਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਹਰਦੇਵ ਸਿੰਘ, ਵਿਭਾਗ ਮੁਖੀ ਧਰਮ ਅਧਿਐਨ, ਡਾ. ਰਮਨਦੀਪ ਕੌਰ, ਵਿਭਾਗ ਮੁਖੀ ਰਾਜਨੀਤੀ ਵਿਗਿਆਨ, ਡਾ. ਬਹਾਦਰ ਸਿੰਘ ਅਤੇ ਗੱਤਕਾ ਕੋਚ ਤਲਵਿੰਦਰ ਸਿੰਘ ਹਾਜ਼ਰ ਸਨ।
