HomeLifestyleਦੋਸਤੀ ਯਾਰੀ, ਸਵਾਰੇ ਦੁਨੀਆਦਾਰੀ

ਦੋਸਤੀ ਯਾਰੀ, ਸਵਾਰੇ ਦੁਨੀਆਦਾਰੀ

Strong friendships and meaningful companionship bring happiness, emotional support and lasting value to everyday life.

ਇਨਸਾਨ ਦਾ ਖ਼ਾਨਦਾਨ ਉਸ ਨੂੰ ਜਨਮ ਨਾਲ ਮਿਲਦਾ ਹੈ, ਪਰ ਦੋਸਤ ਉਸ ਦੀ ਆਪਣੀ ਚੋਣ ਹੁੰਦੇ ਹਨ। ਖ਼ਾਨਦਾਨ ਸਾਨੂੰ ਵਿਰਾਸਤ ਦਿੰਦਾ ਹੈ, ਜਦਕਿ ਸੰਗਤ ਸਾਡੀ ਸੋਚ ਨੂੰ ਆਕਾਰ ਦਿੰਦੀ ਹੈ। ਇਸੇ ਕਰਕੇ ਸਦੀਆਂ ਤੋਂ ਸੰਤਾਂ, ਦਰਵੇਸ਼ਾਂ ਅਤੇ ਚਿੰਤਕਾਂ ਨੇ ਸੰਗਤ ਨੂੰ ਮਨੁੱਖੀ ਜੀਵਨ ਦੀ ਦਿਸ਼ਾ ਨਿਰਧਾਰਤ ਕਰਨ ਵਾਲੀ ਤਾਕਤ ਮੰਨਿਆ ਹੈ।

ਇੱਕ ਡੂੰਘੀ ਗੱਲ ਆਖੀ ਜਾਂਦੀ ਹੈ—“ਜੇ ਤੁਸੀਂ ਕਿਸੇ ਮਨੁੱਖ ਦਾ ਭਵਿੱਖ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਦੋਸਤਾਂ ਨੂੰ ਮਿਲੋ।” ਇਹ ਕੋਈ ਅਟੱਲ ਭਵਿੱਖਬਾਣੀ ਨਹੀਂ, ਸਗੋਂ ਮਨੁੱਖੀ ਸੁਭਾਅ ਸਮਾਜਿਕ ਤਜਰਬੇ ਦੀ ਇੱਕ ਮਹੱਤਵਪੂਰਨ ਸੱਚਾਈ ਵੱਲ ਇਸ਼ਾਰਾ ਹੈ। ਜਿਨ੍ਹਾਂ ਲੋਕਾਂ ਨਾਲ ਅਸੀਂ ਆਪਣਾ ਸਮਾਂ, ਵਿਚਾਰ ਅਤੇ ਭਾਵਨਾਵਾਂ ਸਾਂਝੀਆਂ ਕਰਦੇ ਹਾਂ, ਉਹ ਹੌਲੀ-ਹੌਲੀ ਸਾਡੀਆਂ ਆਦਤਾਂ ਅਤੇ ਫ਼ੈਸਲਿਆਂ ਉੱਤੇ ਅਸਰ ਪਾਉਂਦੇ ਹਨ।

ਅੱਜ ਦੇ ਸੋਸ਼ਲ ਮੀਡੀਆ ਯੁੱਗ ਵਿੱਚ ਸੈਂਕੜੇ ਜਾਂ ਹਜ਼ਾਰਾਂ ਦੋਸਤ ਹੋਣਾ ਆਮ ਗੱਲ ਹੈ। ਪਰ ਅਸਲ ਦੋਸਤੀ ਦੀ ਕੀਮਤ ਗਿਣਤੀ ਨਾਲ ਨਹੀਂ, ਕੁਆਲਟੀ ਨਾਲ ਤੈਅ ਹੁੰਦੀ ਹੈ। ਸੱਚਾ ਦੋਸਤ ਉਹ ਨਹੀਂ ਜੋ ਸਿਰਫ਼ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋਵੇ ਸਗੋਂ, ਸੱਚਾ ਦੋਸਤ ਉਹ ਹੈ ਜੋ ਤੁਹਾਡੀ ਗ਼ਲਤੀ ਉੱਤੇ ਵੀ ਸੱਚ ਬੋਲਣ ਦੀ ਹਿੰਮਤ ਰੱਖੇ। ਜਿਹੜਾ ਦੋਸਤ ਤੁਹਾਨੂੰ ਮਿਹਨਤ, ਇਮਾਨਦਾਰੀ, ਗਿਆਨ ਅਤੇ ਚੰਗੇ ਕਰਮਾਂ ਵੱਲ ਪ੍ਰੇਰਿਤ ਕਰਦਾ ਹੈ, ਉਹ ਤੁਹਾਡੀ ਜ਼ਿੰਦਗੀ ਵਿੱਚ ਅਣਮੁੱਲੀ ਪੂੰਜੀ ਹੈ। ਇਸ ਦੇ ਉਲਟ, ਜਿਹੜੀ ਸੰਗਤ ਤੁਹਾਨੂੰ ਨਸ਼ਿਆਂ, ਆਲਸ, ਝੂਠ, ਦਿਖਾਵੇ ਜਾਂ ਗ਼ਲਤ ਕਮਾਈ ਵੱਲ ਧੱਕਦੀ ਹੈ, ਉਹ ਤੁਹਾਡੀ ਤਰੱਕੀ ਲਈ ਰੁਕਾਵਟ ਬਣ ਸਕਦੀ ਹੈ।

ਸਮਾਜਿਕ ਮਨੋਵਿਗਿਆਨ ਅਤੇ ਵਰਤਾਰੇ ਦੇ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਨੁੱਖ ਆਪਣੇ ਨੇੜਲੇ ਲੋਕਾਂ ਤੋਂ ਆਦਤਾਂ, ਭਾਸ਼ਾ, ਸੋਚਣ ਦੇ ਢੰਗ ਅਤੇ ਸਮਾਜਿਕ ਵਿਵਹਾਰ ਸਿੱਖਦਾ ਹੈ। ਇਸ ਨੂੰ ਸਮਾਜਿਕ ਸਿੱਖਿਆ ਅਤੇ ਸਮੂਹਕ ਪ੍ਰਭਾਵ ਦੇ ਸਿਧਾਂਤਾਂ ਨਾਲ ਸਮਝਿਆ ਜਾਂਦਾ ਹੈ। ਜੇਕਰ ਤੁਹਾਡੇ ਦੋਸਤ ਕਿਤਾਬਾਂ ਪੜ੍ਹਦੇ ਹਨ, ਨਵੀਆਂ ਕਲਾਵਾਂ ਸਿੱਖਦੇ ਹਨ, ਸਮੇਂ ਦੀ ਕਦਰ ਕਰਦੇ ਹਨ ਅਤੇ ਆਪਣੇ ਭਵਿੱਖ ਲਈ ਯੋਜਨਾਬੱਧ ਜੀਵਨ ਜੀਉਂਦੇ ਹਨ, ਤਾਂ ਤੁਹਾਡੇ ਉੱਤੇ ਵੀ ਉਸੇ ਦਿਸ਼ਾ ਵਿੱਚ ਵਧਣ ਦਾ ਪ੍ਰਭਾਵ ਪੈ ਹੁੰਦਾ ਹੈ। ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਚੰਗੇ ਦੋਸਤ ਹੋਣਾ ਕਾਮਯਾਬੀ ਦੀ ਗਾਰੰਟੀ ਨਹੀਂ। ਮਿਹਨਤ, ਅਨੁਸ਼ਾਸਨ, ਮੌਕੇ ਅਤੇ ਆਪਣੇ ਫ਼ੈਸਲੇ ਵੀ ਉਤਨੇ ਹੀ ਜ਼ਰੂਰੀ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਗਤ ਅਤੇ ਸਾਧਸੰਗਤ ਨੂੰ ਆਤਮਿਕ ਉੱਨਤੀ ਦਾ ਮਹੱਤਵਪੂਰਨ ਸਾਧਨ ਦਰਸਾਇਆ ਗਿਆ ਹੈ:

“ਸਾਧਸੰਗਤਿ ਕੈ ਬਸਿ ਪ੍ਰਭੁ ਪਾਇਆ”

ਇਸ ਦਾ ਭਾਵ ਹੈ ਕਿ ਸਾਧਸੰਗਤ ਰਾਹੀਂ ਮਨੁੱਖ ਪ੍ਰਭੂ ਨਾਲ ਜੁੜਨ ਦਾ ਮਾਰਗ ਪਾਉਂਦਾ ਹੈ। ਗੁਰਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਮਨੁੱਖ ਦੀ ਸੰਗਤ ਉਸ ਦੇ ਮਨ ਨੂੰ ਨਿਰਮਲ ਕਰਨ, ਹਉਮੈ ਘਟਾਉਣ ਅਤੇ ਸੱਚੇ ਜੀਵਨ ਵੱਲ ਲੈ ਜਾਣ ਵਾਲੀ ਹੋਣੀ ਚਾਹੀਦੀ ਹੈ।

ਇੱਥੇ ਸੰਗਤ ਦਾ ਅਰਥ ਸਿਰਫ਼ ਧਾਰਮਿਕ ਇਕੱਠ ਨਹੀਂ, ਸਗੋਂ ਅਜਿਹੇ ਲੋਕਾਂ ਦੀ ਨੇੜਤਾ ਵੀ ਹੈ ਜੋ ਸੱਚ, ਦਇਆ, ਨਿਮਰਤਾ ਅਤੇ ਸੇਵਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਦੇ ਹਨ। ਦੋਸਤੀ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਵੇਖੋ ਕਿ ਉਹ ਮਨੁੱਖ ਤੁਹਾਡੀ ਸੋਚ ਨੂੰ ਕਿਹੜੀ ਦਿਸ਼ਾ ਦਿੰਦਾ ਹੈ। ਕੀ ਉਹ ਤੁਹਾਡੀ ਗੈਰਹਾਜ਼ਰੀ ਵਿੱਚ ਵੀ ਤੁਹਾਡੀ ਇੱਜ਼ਤ ਰੱਖਦਾ ਹੈ? ਕੀ ਉਹ ਤੁਹਾਡੀ ਕਾਮਯਾਬੀ ਤੋਂ ਖੁਸ਼ ਹੁੰਦਾ ਹੈ ਜਾਂ ਈਰਖਾ ਕਰਦਾ ਹੈ? ਕੀ ਉਹ ਤੁਹਾਨੂੰ ਗ਼ਲਤ ਕੰਮ ਤੋਂ ਰੋਕਦਾ ਹੈ ਜਾਂ ਉਸ ਵਿੱਚ ਸਾਥ ਦਿੰਦਾ ਹੈ? ਚੰਗਾ ਦੋਸਤ ਤੁਹਾਨੂੰ ਆਪਣੇ ਵਰਗਾ ਬਣਾਉਣ ਦੀ ਬਜਾਏ ਤੁਹਾਡਾ ਬਿਹਤਰ ਰੂਪ ਬਣਨ ਵਿੱਚ ਸਹਾਇਤਾ ਕਰਦਾ ਹੈ। ਅਜਿਹੀ ਦੋਸਤੀ ਵਿੱਚ ਮੁਕਾਬਲਾ ਨਹੀਂ, ਸਹਿਯੋਗ ਹੁੰਦਾ ਹੈ; ਦਿਖਾਵਾ ਨਹੀਂ, ਭਰੋਸਾ ਹੁੰਦਾ ਹੈ।

ਤੁਹਾਡਾ ਖ਼ਾਨਦਾਨ ਤੁਹਾਡੀ ਜੜ੍ਹ ਹੈ, ਪਰ ਤੁਹਾਡੀ ਸੰਗਤ ਤੁਹਾਡੀਆਂ ਟਾਹਣੀਆਂ ਨੂੰ ਦਿਸ਼ਾ ਦਿੰਦੀ ਹੈ। ਇਸ ਲਈ ਜ਼ਿੰਦਗੀ ਵਿੱਚ ਦੋਸਤ ਚੁਣਦੇ ਸਮੇਂ ਸਿਰਫ਼ ਇਹ ਨਾ ਵੇਖੋ ਕਿ ਉਹ ਤੁਹਾਡੇ ਨਾਲ ਕਿੰਨਾ ਸਮਾਂ ਬਿਤਾਉਂਦੇ ਹਨ ਸਗੋਂ ਇਹ ਵੀ ਵੇਖੋ ਕਿ ਉਨ੍ਹਾਂ ਨਾਲ ਸਮਾਂ ਬਿਤਾ ਕੇ ਤੁਸੀਂ ਕਿਹੋ ਜਿਹੇ ਮਨੁੱਖ ਬਣ ਰਹੇ ਹੋ। ਚੰਗੇ ਦੋਸਤ ਤੁਹਾਡੀ ਕਿਸਮਤ ਨਹੀਂ ਲਿਖਦੇ, ਪਰ ਉਹ ਤੁਹਾਡੇ ਅੰਦਰ ਉਹ ਸੋਚ, ਹਿੰਮਤ ਅਤੇ ਅਨੁਸ਼ਾਸਨ ਜ਼ਰੂਰ ਜਗਾ ਸਕਦੇ ਹਨ, ਜਿਸ ਨਾਲ ਤੁਸੀਂ ਆਪਣੀ ਕਿਸਮਤ ਨੂੰ ਨਵੀਂ ਦਿਸ਼ਾ ਦੇ ਸਕੋ। ਇਸ ਲਈ ਦੋਸਤ ਘੱਟ ਰੱਖੋ, ਪਰ ਅਜਿਹੇ ਰੱਖੋ ਜਿਨ੍ਹਾਂ ਦੀ ਸੰਗਤ ਤੁਹਾਡੇ ਚਰਿੱਤਰ ਨੂੰ ਉੱਚਾ ਕਰੇ, ਤੁਹਾਡੀ ਸੋਚ ਨੂੰ ਵਿਸ਼ਾਲ ਬਣਾਏ ਅਤੇ ਤੁਹਾਡੇ ਜੀਵਨ ਨੂੰ ਅਰਥਪੂਰਨ ਬਣਾਉਣ ਵਿੱਚ ਸਹਾਇਕ ਹੋਵੇ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments