ਆਰਤੀ ਸਿੰਘ ਰਾਓ ਸਿਹਤ ਮੰਤਰੀ ਨੇ ਅਟੇਲੀ ਖੇਤਰ ਵਿੱਚ 3.13 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਚੰਡੀਗੜ੍ਹ, 9 ਜੁਲਾਈ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਿਹਤ ਸੇਵਾਵਾਂ ਵਿੱਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਸੂਬੇ ਵਿੱਚ ਮੁਫ਼ਤ ਡਾਇਲਸਿਸ ਦੀ ਸਹੂਲਤ ਸ਼ੁਰੂ ਕੀਤੀ ਜਾ ਚੁੱਕੀ ਹੈ। ਹੁਣ ਇਸ ਯੋਜਨਾ ਦਾ ਵਿਸਤਾਰ ਕਰਦੇ ਹੋਏ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਸਮੇਤ 16 ਨਵੇਂ ਸਬ-ਡਿਵੀਜ਼ਨਲ ਹਸਪਤਾਲਾਂ ਵਿੱਚ ਵੀ ਮੁਫ਼ਤ ਡਾਇਲਸਿਸ ਸੇਵਾ ਹੋਵੇਗੀ। ਮਾਂ ਅਤੇ ਬੱਚੇ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮੇਦਾਂਤਾ ਹਸਪਤਾਲ ਨਾਲ ਐਮ.ਓ.ਯੂ. ਕੀਤਾ ਗਿਆ ਹੈ। ਇਸ ਤਹਿਤ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਮੇਦਾਂਤਾ ਦੇ ਮਾਹਿਰ ਡਾਕਟਰਾਂ ਵੱਲੋਂ ਨਿਯਮਤ ਸਿਹਤ ਨਿਗਰਾਨੀ ਅਤੇ ਸਲਾਹ ਦਿੱਤੀ ਜਾਵੇਗੀ।
ਸਿਹਤ ਮੰਤਰੀ ਵੀਰਵਾਰ ਨੂੰ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਵਿਧਾਨਸਭਾ ਖੇਤਰ ਵਿੱਚ ਧੰਨਵਾਦੀ ਦੌਰੇ ਤਹਿਤ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੀ ਸੀ।
ਇਸ ਦੌਰਾਨ ਉਨ੍ਹਾਂ ਨੇ ਪਿੰਡ ਪੰਚਾਇਤ ਬੋਚੜੀਆ, ਹਸਨਪੁਰ ਅਤੇ ਸਲੀਮਪੁਰ ਵਿੱਚ ਲਗਭਗ 3.13 ਕਰੋੜ ਰੁਪਏ ਨਾਲ ਪੂਰੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੋਵਾਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਚੱਲ ਰਹੀ ਸੂਬਾ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਬਿਹਤਰ ਸਿਹਤ ਸਹੂਲਤਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਦੌਰੇ ਦੌਰਾਨ ਉਨ੍ਹਾਂ ਨੇ ਬੋਚੜੀਆ ਅਤੇ ਹਸਨਪੁਰ ਪਿੰਡ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੀ ਵਾਧੂ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਜਨ ਭਲਾਈ ਨੂੰ ਸਰਵਉੱਚ ਪਹਿਲ ਦਿੱਤੀ ਜਾ ਰਹੀ ਹੈ। ਅਟੇਲੀ ਵਿਧਾਨਸਭਾ ਦਾ ਕੋਈ ਵੀ ਪਿੰਡ ਵਿਕਾਸ ਤੋਂ ਵਾਂਝਾਂ ਨਹੀਂ ਰਹੇਗਾ ਅਤੇ ਹਰ ਪਿੰਡ ਤੱਕ ਮੁੱਢਲੀਆਂ ਸਹੂਲਤਾਂ ਦਾ ਵਿਸਤਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬੋਚੜੀਆ ਅਤੇ ਹਸਨਪੁਰ ਵਿੱਚ ਵੱਖ-ਵੱਖ ਯੋਜਨਾਵਾਂ ਤਹਿਤ ਲਗਭਗ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਸੰਪਰਕ ਮਾਰਗ, ਫਿਰਨੀ, ਚੌਪਾਲ, ਚਾਰਦੀਵਾਰੀ, ਗੇਟ, ਬੀ.ਪੀ.ਐਲ. ਕਲੋਨੀ ਦੀਆਂ ਗਲੀਆਂ, ਸੀ.ਸੀ.ਟੀ.ਵੀ. ਕੈਮਰੇ, ਪੀਣ ਵਾਲੇ ਪਾਣੀ ਦੀ ਲਾਈਨ, ਸਵਾਗਤ ਗੇਟ ਅਤੇ 53.44 ਲੱਖ ਰੁਪਏ ਦੀ ਲਾਗਤ ਨਾਲ ਖੇਤਾਂ ਦੇ ਰਾਹ ਸਮੇਤ ਕਈ ਵਿਕਾਸ ਕਾਰਜ ਪੂਰੇ ਕੀਤੇ ਗਏ ਹਨ। ਉੱਥੇ ਹੀ ਸਲੀਮਪੁਰ ਵਿੱਚ ਲਗਭਗ 1 ਕਰੋੜ 67 ਲੱਖ 54 ਹਜ਼ਾਰ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ, ਬੀ.ਸੀ. ਅਤੇ ਐਸ.ਸੀ. ਚੌਪਾਲ, ਲਾਇਬ੍ਰੇਰੀ ਫਰਨੀਚਰ, ਖੇਡ ਮੈਦਾਨ ਦੀ ਚਾਰਦੀਵਾਰੀ, ਟੀਨਸ਼ੈੱਡ, ਪਾਣੀ ਦੀ ਟੈਂਕੀ ਅਤੇ 56.84 ਲੱਖ ਰੁਪਏ ਦੀ ਲਾਗਤ ਨਾਲ ਦੋ ਕਿਲੋਮੀਟਰ ਸੜਕ ਨਿਰਮਾਣ ਸਮੇਤ ਕਈ ਕੰਮ ਮੁਕੰਮਲ ਕੀਤੇ ਗਏ ਹਨ।
ਇਸ ਦੌਰੇ ਤੋਂ ਬਾਅਦ ਸਿਹਤ ਮੰਤਰੀ ਨੇ ਅਟੇਲੀ ਸਥਿਤ ਆਪਣੇ ਦਫਤਰ ਵਿੱਚ ਆਯੋਜਿਤ ਜਨ-ਸੰਵਾਦ ਪ੍ਰੋਗਰਾਮ ਵਿੱਚ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਕ ਹਿੱਤ ਨਾਲ ਜੁੜੇ ਮਾਮਲਿਆਂ ਦਾ ਤੁਰੰਤ, ਪਾਰਦਰਸ਼ੀ ਅਤੇ ਸਮਾਂਬੱਧ ਹੱਲ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਿਧਾਇਕ ਓਮਪ੍ਰਕਾਸ਼ ਯਾਦਵ ਤੋਂ ਇਲਾਵਾ ਜ਼ਿਲ੍ਹੇ ਦੇ ਅਧਿਕਾਰੀ ਵੀ ਮੌਜੂਦ ਸਨ।
