ਹਵਾ ਬਣ ਮਹਿਕੀ
ਜਦੋਂ ਪੰਜਾਬੀ ਮਾਂ ਬੋਲੀ ਦੀ
ਮਹਿਫ਼ਲ ਸਜਾਈ
ਜਗਤ ਪੰਜਾਬੀ ਕਾਨਫਰੰਸ
ਦੀ ਸਭਾ ਰੁਸ਼ਨਾਈ
17 – 18 – 19 ਜੁਲਾਈ ਦੀਆਂ ਤਾਰੀਖਾਂ
ਪੰਜਾਬੀ ਮਾਂ ਬੋਲੀ ਦੇ
ਮੁਖੜੇ ਨੂੰ ਲਿਸ਼ਕਾਈ
2026 ਦੇ ਵਰ੍ਹੇ ਨੂੰ ਪਰਨਾਈ
ਵਕਤ ਦੇ ਸੀਨੇ ਉਪਰ
ਆਪਣੀਆਂ ਅਮਿੱਟ ਪੈੜਾਂ ਛੱਡਦੀ
ਤਵਾਰੀਖੀ ਪੰਨਿਆਂ ਵਿੱਚ ਜਾ ਸਮਾਈ

ਅਜਾਇਬ ਸਿੰਘ ਚੱਠਾ
ਸਪੁੱਤਰ ਬਣ ਪੰਜਾਬੀ ਮਾਂ ਬੋਲੀ ਦੇ
ਅੱਗੇ ਸ਼ੀਸ਼ ਨਿਵਾ ਕੇ
ਸਿਜਦਾ ਕਰਦਾ
ਮਾਣ ਨਾਲ ਇਹ ਆਖ ਗਿਆ:
ਮਾਂ, ਤੇਰੀ ਬੋਲੀ ਨੂੰ
ਦੁਨੀਆ ਦੇ ਹਰ ਕੋਨੇ ਤੱਕ
ਪਹੁੰਚਾਉਣਾ ਮੇਰਾ ਸੁਪਨਾ ਹੈ
ਤੇ ਉਸ ਸੁਪਨੇ ਨੂੰ ਪੂਰਨ ਲਈ
ਕਦਮ ਨਾਲ ਕਦਮ ਮਿਲਾਈ
ਜੀਵਨ ਸਾਥਣ ਬਲਵਿੰਦਰ ਵੀ
ਮੋਢੇ ਨਾਲ ਮੋਢਾ ਜੋੜੀ
ਨਾਲ ਆ ਖੜ੍ਹੋਈ।
ਉਹਨਾਂ ਦੀ ਅਗਵਾਈ ਹੇਠ
ਜਦੋਂ ਕਾਫ਼ਲਾ ਬਣ ਅੱਗੇ ਤੁਰਿਆ,
ਦੂਰ-ਦੂਰ ਦੇ ਦੇਸ਼ਾਂ ਤੋਂ
ਪੰਜਾਬੀਅਤ ਦਾ ਅਹਿਸਾਸ ਆ ਰਲਿਆ
ਕਿਸੇ ਦੇ ਬੁੱਲ੍ਹਾਂ ’ਤੇ ਗੀਤਾਂ ਦਾ ਸੁਰ ਛਿੜਿਆ
ਕਿਸੇ ਦੀ ਕਲਮ ਵਿੱਚੋਂ
ਹਰਫ਼ਾਂ ਦਾ ਨਗ਼ਮਾ ਗੁਣਗੁਣਾਇਆ
ਕੋਈ ਆਪਣੇ ਸੀਨੇ ਅੰਦਰੋਂ ਉੱਠਦੀ
ਪੰਜਾਬ ਦੀ ਮਿੱਟੀ ਦੀ
ਖੁਸ਼ਬੂ ਵਿੱਚ ਨਿਸ਼ਾਇਆ।
ਕੋਈ ਬੋਲੀ ਦੇ ਮਾਖਿਓਂ ਹੋਣ ਦੀ ਗੱਲ ਕਰਦਾ
ਕੋਈ ਵਿਰਸੇ ਦੀਆਂ ਛੱਡੀਆਂ ਪੈੜਾਂ ਪੜ੍ਹਦਾ
ਕੋਈ ਆਉਣ ਵਾਲੀਆਂ ਪੀੜ੍ਹੀਆਂ ਲਈ
ਪੰਜਾਬੀ ਮਾਂ ਬੋਲੀ ਦਾ
ਦੀਵਾ ਬਲਦਾ ਰੱਖਣ ਦੀ ਗੱਲ ਕਰਦਾ
ਸਭ ਦੀਆਂ ਅੱਖਾਂ ਵਿੱਚ
ਇੱਕੋ ਸੁਪਨਾ ਮਘਦਾ ਲੱਗਦਾ:
ਪੰਜਾਬੀ ਬੋਲੀ ਨਾ ਸਿਰਫ ਯਾਦ ਰਹੇ
ਸਗੋਂ ਆਉਣ ਵਾਲੇ ਕੱਲ੍ਹ ਦੀ
ਪਹਿਚਾਣ ਬਣੇ।
ਕਾਨਫਰੰਸ ਖਤਮ ਹੋ ਜਾਣ ਤੋਂ ਬਾਅਦ ਵੀ
ਹਾਲੇ ਤੱਕ ਮਹਿਕ ਰਹੇ ਹਨ
ਇਹਦੇ ਸਾਹਾਂ ਦੇ ਸੰਦਲੀ ਪਰਿੰਦੇ
ਹਾਲੇ ਵੀ ਵਕਤ ਦੇ ਸੀਨੇ ਵਿੱਚ
ਧੜਕ ਰਹੇ ਇਹਦੇ ਸਾਜਿੰਦੇ
ਪੰਜਾਬ ਵਲੋਂ ਆਉਂਦਾ
ਹਵਾ ਦਾ ਕੋਈ ਬੁੱਲਾ
ਸਿਰ ਉੱਤੇ ਅਸੀਸਾਂ ਧਰਦਾ ਜਿਉਂ ਕਹਿੰਦਾ:
ਮੇਰੇ ਬੱਚਿਓ, ਪੰਜਾਬੀ ਮਾਂ ਦੇ ਜਾਇਓ
ਮੇਰੀ ਬੋਲੀ ਨੂੰ ਚਿਰੰਜੀਵੀ ਰੱਖਿਓ
ਮੇਰੇ ਵਿਰਸੇ ਨੂੰ ਧੜਕਦੇ ਰੱਖਿਓ
ਚਹੁੰ ਕੁੱਟਾਂ ਵਿੱਚ
ਪੰਜਾਬੀਅਤ ਦੀ ਖੁਸ਼ਬੂ ਨੂੰ ਵੰਡਿਓ
ਸ਼ਾਲਾ! ਜਿਊਂਦੇ ਵੱਸਦੇ ਰਹੋ ਮੇਰੇ ਬੱਚਿਓ
ਸ਼ਾਲਾ! ਜੁਗ ਜੁਗ ਜੀਓ ਮੇਰੇ ਬੱਚਿਓ
-ਕੁਲਦੀਪ ਗਿੱਲ (ਡਾ.)
(ਕੁਲਦੀਪ ਸਪਨਾ ਗਿੱਲ)
ਅਗਸਤ 15, 2026







