ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਪਟਿਆਲਾ, 27 ਜੂਨ: (ਜਗਜੀਤ ਸਿੰਘ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰਬੰਧ ਅਤੇ ਵਿੱਤ ਅਧਿਕਾਰੀ, ਪ੍ਰਸਿੱਧ ਲੇਖਕ ਅਤੇ ਅਨੁਵਾਦਕ ਦਲੀਪ ਸਿੰਘ ਉੱਪਲ ਦਾ ਸ਼ਨੀਵਾਰ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਅਤੇ ਸਿੱਖਿਆ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਲੀਪ ਸਿੰਘ ਉੱਪਲ ਕਈ ਭਾਸ਼ਾਵਾਂ ਦੇ ਗਿਆਤਾ, ਸੰਵੇਦਨਸ਼ੀਲ ਲੇਖਕ ਅਤੇ ਬਹੁਪੱਖੀ ਸ਼ਖ਼ਸੀਅਤ ਸਨ। ਉਹ ਸਾਹਿਤਕ ਸਮਾਗਮਾਂ ਵਿੱਚ ਆਪਣੀਆਂ ਕਾਵਿ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਸਰੋਤਿਆਂ ਨੂੰ ਪ੍ਰਭਾਵਿਤ ਕਰਦੇ ਰਹੇ।
ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੇ ਦਲੀਪ ਸਿੰਘ ਉੱਪਲ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਸਦਕਾ ਪੰਜਾਬੀ ਯੂਨੀਵਰਸਿਟੀ ਵਿੱਚ ਕਰੀਬ 25 ਸਾਲ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਨੇ ਸਾਲ 2024 ਦੇ ਸਥਾਪਨਾ ਦਿਵਸ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਸੀ।
ਉੱਪਲ ਨੇ ‘ਹਿੰਮਤ ਦੇ ਹਾਸਿਲ’, ‘ਪ੍ਰੇਰਨਾ ਦਾ ਪਰਚਮ’, ‘ਸੰਵੇਦਨਾ ਦੇ ਰੰਗ’ ਅਤੇ ‘ਦੋ ਤੇਰੀਆਂ ਦੋ ਮੇਰੀਆਂ’ ਵਰਗੀਆਂ ਮਹੱਤਵਪੂਰਨ ਪੁਸਤਕਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਅਰਸਤੂ ਦੀ ‘ਦੀ ਪਾਲਿਟਿਕਸ’ ਦਾ ਪੰਜਾਬੀ ਅਨੁਵਾਦ ‘ਰਾਜਨੀਤੀ’ ਅਤੇ ‘ਗਦਰ ਲਹਿਰ’ ਸਮੇਤ ਕਈ ਮਹੱਤਵਪੂਰਨ ਪੁਸਤਕਾਂ ਦਾ ਅਨੁਵਾਦ ਕਰਕੇ ਪੰਜਾਬੀ ਸਾਹਿਤ ਨੂੰ ਵਿਸ਼ੇਸ਼ ਯੋਗਦਾਨ ਦਿੱਤਾ।
ਉਨ੍ਹਾਂ ਦੀ ਅੰਤਿਮ ਇੱਛਾ ਦਾ ਸਨਮਾਨ ਕਰਦਿਆਂ ਪਰਿਵਾਰ ਨੇ ਉਨ੍ਹਾਂ ਦੀ ਦੇਹ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਾਨ ਕਰ ਦਿੱਤੀ, ਜਿਸ ਦੀ ਸਾਹਿਤਕ ਅਤੇ ਸਮਾਜਿਕ ਵਰਗਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਡਾ. ਤ੍ਰਿਲੋਕ ਸਿੰਘ ਆਨੰਦ, ਡਾ. ਦਰਸ਼ਨ ਸਿੰਘ ਆਸ਼ਟ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ ਸਮੇਤ ਕਈ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
