Home ਸੰਸਾਰ ਮੱਧਕਾਲੀ ਚੋਣਾਂ ਵਿੱਚ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਫੈਸਲਾ, ਸਟੀਫਨ ਮਿਲਰ...

ਮੱਧਕਾਲੀ ਚੋਣਾਂ ਵਿੱਚ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਫੈਸਲਾ, ਸਟੀਫਨ ਮਿਲਰ ਨੂੰ ਬਣਾਇਆ ਵ੍ਹਾਈਟ ਹਾਊਸ ਦਾ ਨਵਾਂ ਚੀਫ਼ ਆਫ਼ ਸਟਾਫ਼

Donald Trump appoints Stephen Miller as the new White House Chief of Staff from November 9, following a major Democratic victory in the US midterm elections.

0

9 ਨਵੰਬਰ ਤੋਂ ਸੰਭਾਲਣਗੇ ਅਹੁਦਾ, ਮੌਜੂਦਾ ਚੀਫ਼ ਆਫ਼ ਸਟਾਫ਼ ਸੂਜ਼ੀ ਵਾਈਲਜ਼ ਨੂੰ ਟਰੰਪ ਦੀ ਸਿਆਸੀ ਟੀਮ ਵਿੱਚ ਮਿਲੇਗੀ ਨਵੀਂ ਜ਼ਿੰਮੇਵਾਰੀ

ਵਾਸ਼ਿੰਗਟਨ, 7 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਫੇਰਬਦਲ ਦਾ ਐਲਾਨ ਕੀਤਾ ਹੈ। ਟਰੰਪ ਨੇ ਆਪਣੇ ਭਰੋਸੇਮੰਦ ਸਲਾਹਕਾਰ ਅਤੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫਨ ਮਿਲਰ ਨੂੰ ਵ੍ਹਾਈਟ ਹਾਊਸ ਦਾ ਨਵਾਂ ਚੀਫ਼ ਆਫ਼ ਸਟਾਫ਼ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਹ 9 ਨਵੰਬਰ 2026 ਤੋਂ ਇਹ ਜ਼ਿੰਮੇਵਾਰੀ ਸੰਭਾਲਣਗੇ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਸਟੀਫਨ ਮਿਲਰ ਨੂੰ ਆਪਣੇ ਸਭ ਤੋਂ ਭਰੋਸੇਮੰਦ ਸਲਾਹਕਾਰਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਨੇ ਮੌਜੂਦਾ ਚੀਫ਼ ਆਫ਼ ਸਟਾਫ਼ ਸੂਜ਼ੀ ਵਾਈਲਜ਼ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਹੁਣ ਸੂਜ਼ੀ ਵਾਈਲਜ਼ ਟਰੰਪ ਦੇ ਸਿਆਸੀ ਸੰਗਠਨ ਵਿੱਚ ਨਵੀਂ ਭੂਮਿਕਾ ਸੰਭਾਲਣਗੇ।

ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ-ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਅਤੇ ਸੈਨੇਟ ਵਿੱਚ ਬੜ੍ਹਤ ਹਾਸਲ ਕਰਕੇ ਸਿਆਸੀ ਤਾਕਤ ਦਾ ਸੰਤੁਲਨ ਬਦਲ ਦਿੱਤਾ ਹੈ। ਇਸ ਨਤੀਜੇ ਨਾਲ ਟਰੰਪ ਪ੍ਰਸ਼ਾਸਨ ‘ਤੇ ਸੰਸਦੀ ਨਿਗਰਾਨੀ ਵਧਣ ਦੀ ਸੰਭਾਵਨਾ ਹੈ। ਡੈਮੋਕ੍ਰੇਟਿਕ ਆਗੂ ਜਾਂਚ, ਸੁਣਵਾਈਆਂ ਅਤੇ ਸੰਮਨ ਜਾਰੀ ਕਰਨ ਤੋਂ ਇਲਾਵਾ ਨਿਆਂਇਕ ਅਤੇ ਕੈਬਨਿਟ ਨਿਯੁਕਤੀਆਂ ਨੂੰ ਵੀ ਚੁਣੌਤੀ ਦੇ ਸਕਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਟਰੰਪ ਨੇ ਆਪਣੇ ਵੀਟੋ ਅਧਿਕਾਰ ਦੀ ਵਰਤੋਂ ਕਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਨੇ ਟਰੂਥ ਸੋਸ਼ਲ ‘ਤੇ ‘ਵੀਟੋ’ ਲਿਖੀ ਲਾਲ ਟੋਪੀ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਵੀਟੋ ਅਧਿਕਾਰ ਅਮਰੀਕੀ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਸਭ ਤੋਂ ਮਜ਼ਬੂਤ ਤਾਕਤਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਅਜਿਹੇ ਕਾਨੂੰਨ ਭੇਜੇ ਜਾਂਦੇ ਹਨ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ ਤਾਂ ਉਹ ਉਨ੍ਹਾਂ ਨੂੰ ਵੀਟੋ ਕਰ ਦੇਣਗੇ।

ਇਸ ਦੌਰਾਨ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਨੂੰ ਟਰੰਪ ਦੀਆਂ ਨੀਤੀਆਂ ਵਿਰੁੱਧ ਲੋਕਾਂ ਦਾ ਵੱਡਾ ਫਤਵਾ ਕਰਾਰ ਦਿੱਤਾ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਡੈਮੋਕ੍ਰੇਟਿਕ ਪਾਰਟੀ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿੱਚ 250 ਤੋਂ ਵੱਧ ਸੀਟਾਂ ਹਾਸਲ ਕਰ ਸਕਦੀ ਹੈ। ਉਨ੍ਹਾਂ ਮੁਤਾਬਕ ਮਹਿੰਗਾਈ, ਰਹਿਣ-ਸਹਿਣ ਦਾ ਵਧਦਾ ਖਰਚਾ ਅਤੇ ਜੰਗ ਵਰਗੇ ਮੁੱਦੇ ਵੋਟਰਾਂ ਦੀ ਚਿੰਤਾ ਦਾ ਮੁੱਖ ਕਾਰਨ ਰਹੇ ਹਨ। ਡੈਮੋਕ੍ਰੇਟਿਕ ਪਾਰਟੀ ਸਿਹਤ ਸੇਵਾਵਾਂ, ਬੱਚਿਆਂ ਦੀ ਦੇਖਭਾਲ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਘਟਾਉਣ ਨੂੰ ਤਰਜੀਹ ਦੇਵੇਗੀ। ਹਾਲਾਂਕਿ ਟਰੰਪ ਨੇ ਵੀਟੋ ਦੀ ਤਾਕਤ ਵਰਤਣ ਦੀ ਚਿਤਾਵਨੀ ਦਿੱਤੀ ਹੈ, ਪਰ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਅਗਲੇ ਦੋ ਸਾਲ ਸਿਰਫ਼ ਕਾਂਗਰਸ ਵੱਲੋਂ ਭੇਜੇ ਬਿੱਲਾਂ ਨੂੰ ਵੀਟੋ ਕਰਨ ਵਿੱਚ ਨਹੀਂ ਬਿਤਾਉਣਾ ਚਾਹੁੰਦੇ। ਅਮਰੀਕੀ ਸੰਵਿਧਾਨ ਦੇ ਆਰਟੀਕਲ-1, ਸੈਕਸ਼ਨ-7 ਤਹਿਤ ਰਾਸ਼ਟਰਪਤੀ ਨੂੰ ਕਾਂਗਰਸ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਵੀਟੋ ਕਰਨ ਦਾ ਅਧਿਕਾਰ ਹੈ। ਹਾਲਾਂਕਿ ਕਾਂਗਰਸ ਦੇ ਦੋਵੇਂ ਸਦਨ ਦੋ-ਤਿਹਾਈ ਬਹੁਮਤ ਨਾਲ ਰਾਸ਼ਟਰਪਤੀ ਦੇ ਵੀਟੋ ਨੂੰ ਰੱਦ ਵੀ ਕਰ ਸਕਦੇ ਹਨ।

 

Exit mobile version