Home ਪੰਜਾਬ ਪੰਜ ਸਾਲਾ ਜੱਫਨਤ ਕੌਰ ਖੱਟੜਾ ਨੇ ਰਚਿਆ ਇਤਿਹਾਸ, 38ਵੀਂ ਪੰਜਾਬ ਗੋਲਡ ਸਕੇਟਿੰਗ...

ਪੰਜ ਸਾਲਾ ਜੱਫਨਤ ਕੌਰ ਖੱਟੜਾ ਨੇ ਰਚਿਆ ਇਤਿਹਾਸ, 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਦੋ ਸੋਨੇ ਦੇ ਤਗਮੇ

Five-Year-Old Jaffnat Kaur Khattra Wins Two Gold Medals, Creates History in Punjab Skating.

0

ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣੀ ਜੱਫਨਤ ਕੌਰ, ਪੰਜ ਸਾਲ ਦੀ ਉਮਰ ਵਿੱਚ ਹੁਣ ਤੱਕ ਜਿੱਤ ਚੁੱਕੀ ਹੈ 17 ਤਗਮੇ

ਮੋਹਾਲੀ, 12 ਨਵੰਬਰ, 2026 (ਛਤਰਪਾਲ ਸਿੰਘ ) : ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੀ ਬਿਹਤਰੀਨ ਸਿਖਲਾਈ ਸਦਕਾ ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਜੱਫਨਤ ਕੌਰ ਖੱਟੜਾ ਨੇ ਸਕੇਟਿੰਗ ਦੇ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ 38ਵੀਂ ਪੰਜਾਬ ਗੋਲਡ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ ਦੇ ਤਗਮੇ ਜਿੱਤੇ ਹਨ। ਇਸ ਪ੍ਰਾਪਤੀ ਨਾਲ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਟੇਟ ਗੋਲਡ ਮੈਡਲਿਸਟ ਬਣ ਗਈ ਹੈ। ਨਾਭਾ ਦੇ ਪਿੰਡ ਰੋਹਟੀ ਮੌੜਾਂ ਵਿੱਚ ਜਨਮੀ ਜੱਫਨਤ ਕੌਰ ਖੱਟੜਾ ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ ਵਿਖੇ ਸਿੱਖਿਆ ਹਾਸਲ ਕਰ ਰਹੀ ਹੈ। ਉਸ ਦੇ ਮਾਤਾ-ਪਿਤਾ ਚੰਡੀਗੜ੍ਹ ਵਿਖੇ ਸਰਕਾਰੀ ਨੌਕਰੀ ਕਰਦੇ ਹਨ। ਪੜ੍ਹਾਈ ਦੇ ਨਾਲ-ਨਾਲ ਜੱਫਨਤ ਨੇ ਸਕੇਟਿੰਗ ਦੇ ਖੇਤਰ ਵਿੱਚ ਆਪਣੀ ਦਿਲਚਸਪੀ ਨੂੰ ਅੱਗੇ ਵਧਾਉਂਦਿਆਂ ਅਰਥਲਿੰਗਜ਼ ਸਕੇਟਿੰਗ ਅਕੈਡਮੀ, ਮੋਹਾਲੀ ਤੋਂ ਸਿਖਲਾਈ ਲੈਣੀ ਸ਼ੁਰੂ ਕੀਤੀ।

ਕੋਚਾਂ ਦੀ ਮਾਹਿਰ ਅਗਵਾਈ, ਲਗਾਤਾਰ ਅਭਿਆਸ, ਅਨੁਸ਼ਾਸਨ ਅਤੇ ਅਥਾਹ ਮਿਹਨਤ ਨੇ ਉਸ ਨੂੰ ਛੋਟੀ ਉਮਰ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੇ ਯੋਗ ਬਣਾਇਆ ਹੈ। ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਜੱਫਨਤ ਕੌਰ ਹੁਣ ਤੱਕ ਵੱਖ-ਵੱਖ ਸਕੇਟਿੰਗ ਮੁਕਾਬਲਿਆਂ ਵਿੱਚ ਕੁੱਲ 17 ਤਗਮੇ ਜਿੱਤ ਚੁੱਕੀ ਹੈ। ਇਨ੍ਹਾਂ ਵਿੱਚ 12 ਸੋਨੇ, 3 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਜੱਫਨਤ ਕੌਰ ਖੱਟੜਾ ਦੀ ਇਹ ਸ਼ਾਨਦਾਰ ਪ੍ਰਾਪਤੀ ਉਸ ਦੀ ਖੇਡ ਪ੍ਰਤੀ ਲਗਨ, ਸਮਰਪਣ ਅਤੇ ਨਿਰੰਤਰ ਮਿਹਨਤ ਦਾ ਨਤੀਜਾ ਹੈ। ਉਸ ਦੀ ਇਸ ਸਫਲਤਾ ਨਾਲ ਪਰਿਵਾਰ, ਸਕੂਲ ਅਤੇ ਸਕੇਟਿੰਗ ਅਕੈਡਮੀ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਹੋਰਨਾਂ ਨੰਨ੍ਹੇ-ਮੁੰਨੇ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੀ ਹੈ। ਜੱਫਨਤ ਨੇ ਆਪਣੀ ਪ੍ਰਾਪਤੀ ਰਾਹੀਂ ਇਹ ਸਾਬਤ ਕੀਤਾ ਹੈ ਕਿ ਜੇਕਰ ਬਚਪਨ ਤੋਂ ਹੀ ਬੱਚਿਆਂ ਦੀ ਪ੍ਰਤਿਭਾ ਨੂੰ ਸਹੀ ਮਾਰਗਦਰਸ਼ਨ, ਉਤਸ਼ਾਹ, ਬਿਹਤਰ ਸਿਖਲਾਈ ਅਤੇ ਨਿਰੰਤਰ ਅਭਿਆਸ ਮਿਲੇ ਤਾਂ ਉਹ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੰਜ਼ਿਲਾਂ ਹਾਸਲ ਕਰ ਸਕਦੇ ਹਨ। ਉਸ ਦੀ ਇਹ ਸਫਲਤਾ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੀਆਂ ਉਮੀਦਾਂ ਨੂੰ ਵੀ ਮਜ਼ਬੂਤ ਕਰਦੀ ਹੈ।

 

Exit mobile version