ਲਾਸ ਏਂਜਲਸ (ਅਮਰੀਕਾ), 29 ਜੁਲਾਈ 2026 (ਰਾਜੇਸ਼ ਕੁਮਾਰ) : ਹਾਲੀਵੁੱਡ ਸਟਾਰ ਮਾਈਕਲ ਬੀ. ਜੌਰਡਨ ਦੀ ਆਉਣ ਵਾਲੀ ਫਿਲਮ ‘ਦ ਥਾਮਸ ਕ੍ਰਾਊਨ ਅਫੇਅਰ’ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਮਸ਼ਹੂਰ ਹੇਸਟ ਥ੍ਰਿਲਰ ਫਰੈਂਚਾਈਜ਼ ਦੀ ਇਸ ਨਵੀਂ ਫਿਲਮ ਵਿੱਚ ਜੌਰਡਨ ਨਾ ਸਿਰਫ਼ ਮੁੱਖ ਕਿਰਦਾਰ ਨਿਭਾ ਰਹੇ ਹਨ, ਸਗੋਂ ਇਸ ਦਾ ਨਿਰਦੇਸ਼ਨ ਵੀ ਕਰ ਰਹੇ ਹਨ।
ਜਾਰੀ ਕੀਤੇ ਗਏ ਪੋਸਟਰ ਵਿੱਚ ਮਾਈਕਲ ਬੀ. ਜੌਰਡਨ ਇੱਕ ਅਮੀਰ ਅਤੇ ਚਾਲਾਕ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਉਹ ਸਫੈਦ ਟਕਸੀਡੋ ਜੈਕਟ ਅਤੇ ਕਾਲੀ ਬੋ ਟਾਈ ਵਿੱਚ ਕਾਫੀ ਸਟਾਈਲਿਸ਼ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਫਿਲਮ ਦੇ ਪੋਸਟਰ ਦੀ ਰਹੱਸਮਈ ਝਲਕ ਅਤੇ ਟੈਗਲਾਈਨ “Revenge is a work of art” ਨੇ ਪ੍ਰਸ਼ੰਸਕਾਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਮਾਈਕਲ ਬੀ. ਜੌਰਡਨ ਨੇ ਦੱਸਿਆ ਕਿ ਉਹ ਇਸ ਪ੍ਰੋਜੈਕਟ ਨਾਲ ਲੰਬੇ ਸਮੇਂ ਤੋਂ ਜੁੜਨ ਦਾ ਸੁਪਨਾ ਦੇਖ ਰਹੇ ਸਨ। ਉਨ੍ਹਾਂ ਮੁਤਾਬਕ, 1999 ਵਿੱਚ ਆਈ ‘ਦ ਥਾਮਸ ਕ੍ਰਾਊਨ ਅਫੇਅਰ’ ਫਿਲਮ ਦੇਖਣ ਤੋਂ ਬਾਅਦ ਉਹ ਇਸ ਕਹਾਣੀ ਤੋਂ ਕਾਫੀ ਪ੍ਰਭਾਵਿਤ ਹੋਏ ਸਨ।
ਇਹ ਫਿਲਮ ਪਹਿਲਾਂ ਬਣ ਚੁੱਕੀਆਂ ਇਸੇ ਨਾਮ ਦੀਆਂ ਫਿਲਮਾਂ ਦਾ ਨਵਾਂ ਰੂਪ ਹੈ। 1968 ਵਿੱਚ ਸਟੀਵ ਮੈਕਕੁਈਨ ਅਤੇ ਫੇ ਡਨਵੇ ਨੇ ਇਸ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਜਦਕਿ 1999 ਵਾਲੀ ਫਿਲਮ ਵਿੱਚ ਪੀਅਰਸ ਬ੍ਰੌਸਨਨ ਅਤੇ ਰੇਨੇ ਰੂਸੋ ਨਜ਼ਰ ਆਏ ਸਨ।
ਫਿਲਮ ਦੀ ਕਹਾਣੀ ਇੱਕ ਅਮੀਰ ਕਲਾ ਚੋਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕੀਮਤੀ ਕਲਾਕ੍ਰਿਤੀਆਂ ਦੀ ਚੋਰੀ ਕਰਦਾ ਹੈ ਅਤੇ ਇੱਕ ਜਾਂਚ ਅਧਿਕਾਰੀ ਨਾਲ ਉਸਦਾ ਮੁਕਾਬਲਾ ਹੁੰਦਾ ਹੈ। ਇਸ ਐਕਸ਼ਨ-ਥ੍ਰਿਲਰ ਵਿੱਚ ਰੂਥ ਨੇਗਾ, ਔਬਰੇ ਪਲਾਜ਼ਾ, ਦਾਨਾਈ ਗੁਰਿਰਾ, ਕੇਨੇਥ ਬ੍ਰਾਨਾਘ, ਪਿਲੂ ਅਸਬੇਕ, ਪਾਪਾ ਐਸੀਡੂ ਅਤੇ ਲਿਲੀ ਗਲੇਡਸਟੋਨ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ 5 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।








