ਦਿੜ੍ਹਬਾ, 30 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਹਲਕਾ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡਾਂ ਦੀਆਂ ਸੱਥਾਂ ਵਿੱਚ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਵਿਕਾਸ ਕਾਰਜਾਂ ਸਬੰਧੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਹਿੰਦੀਆਂ ਮੰਗਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਮੰਤਰੀਆਂ ਜਾਂ ਵਿਧਾਇਕਾਂ ਵੱਲੋਂ ਆਪਣੇ ਦਫ਼ਤਰਾਂ ਵਿੱਚ ਬੁਲਾ ਕੇ ਜਾਂ ਪਿੰਡਾਂ ਵਿੱਚ ਵੱਡੇ ਸਮਾਗਮ ਕਰਵਾ ਕੇ ਚੈੱਕ ਵੰਡੇ ਜਾਂਦੇ ਸਨ, ਜਿਸ ’ਤੇ ਸਰਕਾਰੀ ਪੈਸਾ ਵੀ ਖਰਚ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਤਰੀਕਾ ਵੱਖਰਾ ਹੈ। ਸਰਕਾਰ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ ਅਤੇ ਲੋਕਾਂ ਦੀ ਲੋੜ ਤੇ ਮੰਗ ਅਨੁਸਾਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਅੱਜ ਪਿੰਡ ਬਘਰੌਲ, ਸਫੀਪੁਰ ਕਲਾਂ, ਸਫੀਪੁਰ ਖ਼ੁਰਦ, ਮੁਨਸ਼ੀਵਾਲਾ, ਦਿਆਲਗੜ੍ਹ ਕੈਂਪਰ ਅਤੇ ਜਨਾਲ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਨਾਲ-ਨਾਲ ਪਿੰਡਾਂ ਦੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਪਿੰਡ ਖਾਨਪੁਰ ਫਕੀਰਾਂ ਦੀ ਪੰਚਾਇਤ ਨੂੰ ਪਿੰਡ ਦੀ ਵਿਰਾਸਤੀ ਦਿੱਖ ਅਤੇ ਸਹੂਲਤਾਂ ਦੇ ਵਿਕਾਸ ਲਈ 11 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।ਵਿੱਤ ਮੰਤਰੀ ਨੇ ਦੱਸਿਆ ਕਿ ਪਿੰਡ ਸਫੀਪੁਰ ਕਲਾਂ ਦੇ ਬੱਸ ਸਟੈਂਡ ਨੂੰ ਪਹਿਲਾਂ ਵੀ ਕਰੀਬ 45 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਅਤੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਫੀਪੁਰ ਕਲਾਂ ਦੀ ਪੰਚਾਇਤ ਨੂੰ ਮੁੜ ਅੱਜ 45 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਦੱਸਿਆ ਪਿੰਡ ਬਘਰੌਲ ਨੂੰ 35 ਲੱਖ ਰੁਪਏ, ਮੁਨਸ਼ੀਵਾਲਾ ਨੂੰ 19 ਲੱਖ ਰੁਪਏ, ਸਫੀਪੁਰ ਖੁਰਦ ਨੂੰ 47 ਲੱਖ ਰੁਪਏ, ਦਿਆਲਗੜ੍ਹ ਕੈਂਪਰ ਨੂੰ 49 ਲੱਖ ਰੁਪਏ ਅਤੇ ਜਨਾਲ ਨੂੰ 46 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ ਪਿੰਡ ਢੰਡਿਆਲ ਨੂੰ 45 ਲੱਖ ਰੁਪਏ ਅਤੇ ਮਹਿਲਾਂ ਨੂੰ 20 ਲੱਖ ਰੁਪਏ ਤੇ ਗ੍ਰਾਂਟ ਦੇ ਚੈੱਕ ਦਿੱਤੇ ਗਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਸੰਬੰਧਿਤ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਗ੍ਰਾਂਟਾਂ ਦੀ ਵਰਤੋਂ ਕਰਕੇ ਵਿਕਾਸ ਕਾਰਜ ਤੁਰੰਤ ਸ਼ੁਰੂ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ ਦੇ ਨਿਰਮਾਣ ਸਮੇਤ ਵੱਖ-ਵੱਖ ਵਿਕਾਸ ਕਾਰਜ ਵੀ ਜ਼ੋਰਾਂ ’ਤੇ ਚੱਲ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਬਿਨਾਂ ਕਿਸੇ ਰਾਜਨੀਤਿਕ ਭੇਦਭਾਵ ਦੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਹਰੇਕ ਪਿੰਡ ਦੀ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਸਰਪੰਚ ਰਵਿੰਦਰ ਸਿੰਘ ਮਾਨ, ਸਰਪੰਚ ਗਰੀਬ ਦਾਸ ਸਫੀਪੁਰ ਕਲਾਂ ਸਮੇਤ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।







