Home ਪੰਜਾਬ 50 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਥਾਣਾ ਕੋਟ ਈਸੇ ਖਾਂ ਦੀ ਮਹਿਲਾ...

50 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਥਾਣਾ ਕੋਟ ਈਸੇ ਖਾਂ ਦੀ ਮਹਿਲਾ ਇੰਸਪੈਕਟਰ ਗ੍ਰਿਫ਼ਤਾਰ

Punjab Vigilance Bureau arrests a woman police inspector in Moga in connection with an alleged Rs 50,000 bribery case.

0

ਮੋਗਾ, 27 ਸਤੰਬਰ, 2026 (ਲਛਮਣਜੀਤ ਸਿੰਘ ਪੁਰਬਾ ) : ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਥਾਣਾ ਕੋਟ ਈਸੇ ਖਾਂ ਦੀ ਮਹਿਲਾ ਇੰਸਪੈਕਟਰ ਸੁਨੀਤਾ ਰਾਣੀ ਉਰਫ਼ ਸੁਨੀਤਾ ਬਾਵਾ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਨੰਬਰ 21 ਮਿਤੀ 26 ਸਤੰਬਰ 2026 ਦਰਜ ਕੀਤਾ ਗਿਆ ਹੈ। ਵਿਜੀਲੈਂਸ ਮੁਤਾਬਕ ਇਹ ਮਾਮਲਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਥਾਣਾ ਕੋਟ ਈਸੇ ਖਾਂ ਵਿੱਚ ਤਾਇਨਾਤ ਪੀ.ਐੱਚ.ਸੀ. ਗੁਰਮਵਤਾਰ ਸਿੰਘ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।

ਮਾਮਲਾ 80 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਨਾਲ ਜੁੜਿਆ : ਵਿਜੀਲੈਂਸ ਅਨੁਸਾਰ ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਵਾਸੀ ਪਿੰਡ ਨੂਰਪੁਰਾ ਹਕੀਮਾਂ, ਜ਼ਿਲ੍ਹਾ ਮੋਗਾ ਨੇ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮੁਤਾਬਕ ਉਸ ਨੂੰ ਥਾਣਾ ਕੋਟ ਈਸੇ ਖਾਂ ਵਿੱਚ ਦਰਜ ਐਨ.ਡੀ.ਪੀ.ਐੱਸ. ਐਕਟ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਬਾਅਦ ਵਿੱਚ 80 ਹਜ਼ਾਰ ਰੁਪਏ ਲੈਣ ’ਤੇ ਸਹਿਮਤੀ ਬਣੀ। ਵਿਜੀਲੈਂਸ ਦੇ ਵੇਰਵਿਆਂ ਮੁਤਾਬਕ ਪੀ.ਐੱਚ.ਸੀ. ਗੁਰਮਵਤਾਰ ਸਿੰਘ ਪਹਿਲਾਂ ਹੀ ਵੱਖ-ਵੱਖ ਮਿਤੀਆਂ ’ਤੇ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਲੈ ਚੁੱਕਾ ਸੀ। ਬਾਕੀ 60 ਹਜ਼ਾਰ ਰੁਪਏ ਦੀ ਕਥਿਤ ਮੰਗ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸ਼ਿਕਾਇਤਕਰਤਾ ਵੱਲੋਂ ਕੀਤੀ ਗਈ, ਜਿਸ ਨੂੰ ਬਾਅਦ ਵਿੱਚ ਵਿਜੀਲੈਂਸ ਅਧਿਕਾਰੀਆਂ ਕੋਲ ਪੇਸ਼ ਕੀਤਾ ਗਿਆ।

ਪਹਿਲਾਂ ਪੀ.ਐੱਚ.ਸੀ. ਗ੍ਰਿਫ਼ਤਾਰ, ਫਿਰ ਮਹਿਲਾ ਇੰਸਪੈਕਟਰ ’ਤੇ ਕਾਰਵਾਈ : ਵਿਜੀਲੈਂਸ ਬਿਊਰੋ ਮੁਤਾਬਕ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਕਾਰਵਾਈ ਕਰਦਿਆਂ ਪੀ.ਐੱਚ.ਸੀ. ਗੁਰਮਵਤਾਰ ਸਿੰਘ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਵਿਜੀਲੈਂਸ ਅਨੁਸਾਰ ਗੁਰਮਵਤਾਰ ਸਿੰਘ ਨੇ 50 ਹਜ਼ਾਰ ਰੁਪਏ ਦੀ ਰਕਮ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਸੁਨੀਤਾ ਰਾਣੀ ਉਰਫ਼ ਸੁਨੀਤਾ ਬਾਵਾ ਨੂੰ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸੁਨੀਤਾ ਬਾਵਾ ਨੂੰ ਵੀ ਕਥਿਤ ਤੌਰ ’ਤੇ ਇਹ ਰਕਮ ਹਾਸਲ ਕਰਦਿਆਂ ਗ੍ਰਿਫ਼ਤਾਰ ਕਰ ਲਿਆ। ਮਾਮਲੇ ਵਿੱਚ ਕੁੱਲ 50 ਹਜ਼ਾਰ ਰੁਪਏ ਦੀ ਰਿਕਵਰੀ ਦਰਜ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਵਿਜੀਲੈਂਸ ਵੱਲੋਂ ਲੋਕਾਂ ਨੂੰ ਅਪੀਲ : ਪੰਜਾਬ ਵਿਜੀਲੈਂਸ ਬਿਊਰੋ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ ਜਾਵੇ। ਬਿਊਰੋ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰਹੇਗੀ।

 

Exit mobile version